ਵਾਸ਼ਿੰਗਟਨ:ਅਮਰੀਕੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਨੇ ਮਿਲ ਕੇ 'ਸਪੇਸਵਾਕ' ਕਰ ਇਤਿਹਾਸ ਰਚਿਆ। ਅੱਧੀ ਸਦੀ 'ਚ ਕੀਤੇ ਗਏ ਤਕਰਿਬਨ 450 'ਸਪੇਸਵਾਕ' 'ਚੋਂ ਪਹਿਲੀ ਵਾਰ ਇਹ ਹੋਇਆ ਜਦੋਂ ਮਹਿਲਾਵਾਂ ਹੀ ਪੁਲਾੜ ਵਿਚ 'ਸਪੇਸਵਾਕ' ਕਰ ਰਹੀਆ ਸਨ ਤੇ ਉਨ੍ਹਾਂ ਨਾਲ ਕੋਈ ਪੁਰਸ਼ ਨਹੀਂ ਸੀ। ਅੰਤਰ-ਰਾਸ਼ਟਰੀ ਪੁਲਾੜ ਕੇਂਦਰ ਦੇ ਪਾਵਰ ਕੰਟਰੋਲਰ ਨੂੰ ਬਦਲਣ ਲਈ ਦੋਵੇਂ ਮਹਿਲਾਵਾਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 11:38 'ਤੇ ਸਪੇਸ ਕ੍ਰਾਫਟ ਤੋਂ ਬਾਹਰ ਆਈਆਂ।
ਪੁਲਾੜ ਯਾਨ ਦੇ ਸੰਚਾਰੀ ਸਟੀਫਨ ਵਿਲਨਸ ਨੇ ਕਿਹਾ ਕਿ 'ਕ੍ਰਿਸਟੀਨਾ ਤੂੰ ਇਸ ਏਯਰਲਾਕ ਨੂੰ ਹਟਾ ਸਕਦੀ ਹੈ।' ਦੋਵੇ ਮਹਿਲਾਵਾਂ ਪੁਲਾੜ ਯਾਤਰੀਆਂ ਨੇ ਮਿਸ਼ਨ ਦੀ ਸ਼ੁਰੂਆਤ ਆਪਣੇ ਪੁਲਾੜ ਸੂਟ ਤੇ ਸੁਰੱਖਿਆ ਰੱਸੀ ਦੀ ਜਾਂਚ ਤੋਂ ਕੀਤੀ।
ਮਿਸ਼ਨ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਬੰਧਕ ਜਿਮ ਬ੍ਰਿਡੇਸਟੀਨ ਨੇ ਪੱਤਰਕਾਰਾਂ ਦੇ ਸਾਹਮਣੇ ਇਸ ਸਿਸ਼ਨ ਦੇ ਸੰਕੇਤਕ ਮਹੱਤਵ ਨੂੰ ਦੱਸਿਆ ।
ਜਿਮ ਨੇ ਕਿਹਾ ਕਿ ਅਸੀਂ ਇਹ ਵੀ ਦੇਖਣਾ ਚਾਹੁੰਦੇ ਹਾਂ ਕਿ ਪੁਲਾੜ ਸਾਰੇ ਲੋਕਾਂ ਦੇ ਲਈ ਹੈ, ਤੇ ਉਸ ਵਿਕਾਸ ਕ੍ਰਮ 'ਚ ਇਹ ਇਕ ਮੀਲ ਪੱਥਰ ਹੈ। ਉਨ੍ਹਾਂ ਨੇ ਦੱਸਿਆ ਕਿ ਮੇਰੀ 11 ਸਾਲ ਦੀ ਬੇਟੀ ਹੈ, ਮੈਂ ਉਸ ਨੂੰ ਉਨ੍ਹੇ ਹੀ ਮੌਕੇ ਮਿਲਦੇ ਦੇਖਣਾ ਚਾਹੁੰਦਾ ਹਾਂ ਜਿਨ੍ਹੇ ਮੈਨੂੰ ਵੱਡੇ ਹੋਣ ਦੌਰਾਨ ਮਿਲੇ ਸੀ।
ਇਸ ਮਿਸ਼ਨ ਨੂੰ ਮਾਰਚ 'ਚ ਹੀ ਪੂਰਾ ਕਰਨਾ ਸੀ, ਪਰ ਨਾਸਾ ਨੂੰ ਇਸ ਨੂੰ ਮੁਲਤਵੀ ਕਰਨਾ ਪਿਆ, ਕਿਉਂਕਿ ਉਸ ਕੋਲ ਮੱਧਮ ਅਕਾਰ ਦਾ ਇਕ ਹੀ ਪੁਲਾੜ ਸੂਟ ਸੀ।
ਦੱਸਿਆ ਜਾ ਰਿਹਾ ਹੈ ਕਿ ਰਵਾਇਤੀ ਤੌਰ 'ਤੇ ਪੁਰਸ਼ ਪ੍ਰਧਾਨ ਨਾਸਾ ਦੀਆਂ ਤਿਆਰਿਆਂ 'ਚ ਕਮੀ ਦੇ ਕਾਰਨ ਇਸ ਵਿਚ ਦੇਰੀ ਹੋਈ ਸੀ। ਇਲੈਕਟ੍ਰੀਕਲ ਇੰਜੀਨੀਅਰ ਕੋਚ ਨੇ ਮੀਰ ਦੀ ਅਗਵਾਈ ਕੀਤੀ। ਮੀਰ ਸਮੁੰਦਰੀ ਜੀਵ ਵਿਗਿਆਨ ਵਿਚ ਡਾਕਟਰੇਟ ਹੈ ਅਤੇ ਇਹ ਉਸ ਦਾ ਪਹਿਲਾ 'ਸਪੇਸਵਾਕ' ਹੈ। ਦੋਵੇਂ ਯਾਤਰੀ ਪੁਲਾੜ ਸਟੇਸ਼ਨ ਦੇ ਖ਼ਰਾਬ ਬੈਟਰੀ ਚਾਰਜ ਅਤੇ ਡਿਸਚਾਰਜ ਯੂਨਿਟ ਨੂੰ ਤਬਦੀਲ ਕਰਨ ਲਈ ਪੁਲਾੜ ਯਾਤਰਾ ਕਰ ਰਹੇ ਸਨ, ਜਿਸ ਨੂੰ ਬੀ.ਸੀ.ਡੀ.ਡੀ ਯੂਨਿਟ ਵੀ ਕਿਹਾ ਜਾਂਦਾ ਹੈ।
ਪੁਲਾੜ ਸਟੇਸ਼ਨ ਸੌਰ ਊਰਜਾ 'ਤੇ ਨਿਰਭਰ ਕਰਦਾ ਹੈ, ਪਰ ਇੱਥੇ ਸੂਰਜ ਦੀ ਰੌਸ਼ਨੀ ਸਿੱਧੇ ਤੌਰ 'ਤੇ ਨਹੀਂ ਆਉਂਦੀ, ਇਸਲਈ ਬੈਟਰੀਆਂ ਦੀ ਜ਼ਰੂਰਤ ਹੁੰਦੀ ਹੈ ਅਤੇ ਬੀ.ਸੀ.ਡੀ.ਯੂ ਚਾਰਜ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ। ਮੌਜੂਦਾ ਮੁਰੰਮਤ ਦਾ ਕੰਮ ਸੋਮਵਾਰ ਨੂੰ ਐਲਾਨਿਆ ਗਿਆ ਸੀ। ਪੁਰਾਣੀ ਨਿਕਲ ਹਾਈਡਰੋਜਨ ਬੈਟਰੀਆਂ ਨੂੰ ਉੱਚ ਸਮਰੱਥਾ ਵਾਲੇ ਲਿਥੀਅਮ-ਆਇਨ ਬੈਟਰੀਆਂ ਵਿਚ ਤਬਦੀਲ ਕਰਨਾ ਇੱਕ ਵੱਡੇ ਮਿਸ਼ਨ ਦਾ ਹਿੱਸਾ ਹੈ।
ਅਮਰੀਕਾ ਨੇ ਆਪਣੀ ਪਹਿਲੀ ਮਹਿਲਾ ਪੁਲਾੜ ਯਾਤਰੀ ਨੂੰ 1983 ਵਿੱਚ ਭੇਜਿਆ ਸੀ। ਸੈਲੀ ਰਾਈਡ ਸੱਤਵੇਂ ਪੁਲਾੜ ਸ਼ਟਲ ਮਿਸ਼ਨ ਦੇ ਤਹਿਤ ਪੁਲਾੜ ਵਿਚ ਗਈ ਅਤੇ ਕਿਸੇ ਵੀ ਦੇਸ਼ ਦੇ ਮੁਕਾਬਲੇ ਅਮਰੀਕਾ ਦੀਆਂ ਮਹਿਲਾ ਪੁਲਾੜ ਯਾਤਰਿਆਂ ਦੀ ਗਿਣਤੀ ਸਭ ਤੋਂ ਵੱਧ ਹੈ।