ਵਾਸ਼ਿੰਗਟਨ:ਅਮਰੀਕਾ (USA) ਨੇ ਇਜ਼ਰਾਈਲ (Israel) ਦੇ ਐੱਨ.ਐੱਸ.ਓ (N.S.O.) ਗਰੁੱਪ ਨੂੰ ਬਲੈਕਲਿਸਟ (Blacklist) ਕਰ ਦਿੱਤਾ ਹੈ। ਗਰੁੱਪ 'ਤੇ ਅਮਰੀਕਾ (USA) ਦੀ ਵਿਦੇਸ਼ ਨੀਤੀ ਅਤੇ ਸੁਰੱਖਿਆ ਹਿੱਤਾਂ ਦੇ ਖਿਲਾਫ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਜਦੋਂ ਇਹ ਵਿਵਾਦ ਸਾਹਮਣੇ ਆਇਆ ਸੀ ਤਾਂ ਇਸ ਸਾਫਟਵੇਅਰ (Software) ਦੇ ਨਿਰਮਾਤਾ ਨੇ ਕਿਹਾ ਸੀ ਕਿ ਇਹ ਸਪਾਈਵੇਅਰ ਅਪਰਾਧੀਆਂ ਅਤੇ ਅੱਤਵਾਦੀਆਂ (Terrorists) ਨੂੰ ਫੜਨ ਲਈ ਬਣਾਇਆ ਗਿਆ ਹੈ ਅਤੇ ਕੰਪਨੀ ਇਸ ਨੂੰ ਕਿਸੇ ਵੀ ਦੇਸ਼ ਦੀ ਸਰਕਾਰਾਂ ਨੂੰ ਹੀ ਵੇਚਦੀ ਹੈ। ਹਾਲਾਂਕਿ, ਕੁਝ ਤਾਜ਼ਾ ਰਿਪੋਰਟਾਂ ਨੇ ਇਸ ਬਾਰੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਜਿਸ ਮੁਤਾਬਕ ਇਸ ਸਪਾਈਵੇਅਰ ਰਾਹੀਂ ਕਈ ਲੋਕਾਂ ਦੀ ਜਾਸੂਸੀ ਕੀਤੀ ਗਈ ਸੀ।
ਦੱਸ ਦੇਈਏ ਕਿ ਪੈਗਾਸਸ ਸਪਾਈਵੇਅਰ ਇਸ NSO ਸਮੂਹ ਦੁਆਰਾ ਨਿਰਮਿਤ ਹੈ। ਯੂ.ਐੱਸ ਦੇ ਵਣਜ ਵਿਭਾਗ ਦੇ ਅਨੁਸਾਰ, ਇਹ ਕਾਰਵਾਈ "ਮਨੁੱਖੀ ਅਧਿਕਾਰਾਂ ਨੂੰ ਯੂਐਸ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਰੱਖਣ ਲਈ ਬਿਡੇਨ ਪ੍ਰਸ਼ਾਸਨ ਦੇ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਦਮਨ ਲਈ ਵਰਤੇ ਜਾਂਦੇ ਡਿਜੀਟਲ ਸਾਧਨਾਂ ਦੇ ਪ੍ਰਸਾਰ ਨੂੰ ਰੋਕਣ ਲਈ ਕੰਮ ਕਰਨਾ ਸ਼ਾਮਲ ਹੈ"।
ਇਸ ਤੋਂ ਪਹਿਲਾਂ ਆਪਣੀ ਜਾਂਚ ਵਿੱਚ, ਇੱਕ ਮੀਡੀਆ ਕਨਸੋਰਟੀਅਮ ਨੇ ਪਾਇਆ ਕਿ ਪੈਗਾਸਸ ਦੀ ਵਰਤੋਂ ਦੁਨੀਆ ਭਰ ਦੇ ਵੱਖ-ਵੱਖ ਸਿਆਸਤਦਾਨਾਂ, ਕਾਰੋਬਾਰੀਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਫੋਨ ਹੈਕ ਕਰਨ ਅਤੇ ਜਾਸੂਸੀ ਕਰਨ ਲਈ ਕੀਤੀ ਜਾਂਦੀ ਸੀ।
Pegasus ਸਪਾਈਵੇਅਰ ਕੀ ਹੈ?
Pegasus ਇੱਕ ਸ਼ਕਤੀਸ਼ਾਲੀ ਸਪਾਈਵੇਅਰ ਸਾਫਟਵੇਅਰ ਹੈ, ਜੋ ਮੋਬਾਈਲ ਅਤੇ ਕੰਪਿਊਟਰ ਤੋਂ ਗੁਪਤ ਅਤੇ ਨਿੱਜੀ ਜਾਣਕਾਰੀ ਚੋਰੀ ਕਰਦਾ ਹੈ ਅਤੇ ਇਸਨੂੰ ਹੈਕਰਾਂ ਤੱਕ ਪਹੁੰਚਾਉਂਦਾ ਹੈ। ਇਸ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ, ਯਾਨੀ ਇਹ ਸਾਫਟਵੇਅਰ ਤੁਹਾਡੇ ਫੋਨ ਰਾਹੀਂ ਤੁਹਾਡੀ ਜਾਸੂਸੀ ਕਰਦਾ ਹੈ। ਇਜ਼ਰਾਈਲੀ ਕੰਪਨੀ NSO ਗਰੁੱਪ ਦਾ ਦਾਅਵਾ ਹੈ ਕਿ ਉਹ ਇਹ ਸਿਰਫ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪ੍ਰਦਾਨ ਕਰਦੀ ਹੈ।