ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਜਾਂਚ ਵਿੱਚ ਸੰਕਰਮਿਤ ਨਹੀਂ ਪਾਏ ਗਏ ਹਨ। ਵ੍ਹਾਈਟ ਹਾਊਸ ਦੇ ਇਕ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਟਰੰਪ ਦੀ ਸ਼ੁੱਕਰਵਾਰ ਰਾਤ ਨੂੰ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ। ਜਾਂਚ ਦੇ ਨਤੀਜੇ 24 ਘੰਟੇ ਤੋਂ ਘੱਟ ਸਮੇਂ ਵਿੱਚ ਸਾਹਮਣੇ ਆਏ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਕਟਰ ਡਾ. ਸੀਨ ਕੌਨਲੇ ਨੇ ਦੱਸਿਆ, 'ਬੀਤੀ ਰਾਤ ਕੋਰੋਨਾ ਵਾਇਰਸ ਟੈਸਟ ਬਾਰੇ ਰਾਸ਼ਟਰਪਤੀ ਨਾਲ ਬਹੁਤ ਨਿੱਠ ਕੇ ਚਰਚਾ ਹੋਈ। ਉਸ ਤੋਂ ਬਾਅਦ ਉਨ੍ਹਾਂ ਸਹਿਮਤੀ ਪ੍ਰਗਟਾ ਦਿੱਤੀ। ਕੋਰੋਨਾ ਵਾਇਰਸ ਦੀ ਰਿਪੋਰਟ ਅੱਜ ਮਿਲੀ ਹੈ, ਜੋ ਨੈਗੇਟਿਵ ਹੈ।‘
ਡਾ. ਕੌਨਲੇ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਵਫ਼ਦ ਨਾਲ ਰਾਤ ਦਾ ਖਾਣਾ ਖਾਣ ਤੋਂ ਇੱਕ ਹਫ਼ਤੇ ਬਾਅਦ ਹੋਏ ਟੈਸਟ ਵਿੱਚ ਰਾਸ਼ਟਰਪਤੀ ਟਰੰਪ ਦੀ ਰਿਪੋਰਟ ’ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਵਿਖਾਈ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਉਹ ਸੀਡੀਸੀ (ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ) ਅਤੇ ਵ੍ਹਾਈਟ ਹਾਊਸ ਟਾਸਕ ਫ਼ੋਰਸ ਨਾਲ ਹਰ ਸਮੇਂ ਸੰਪਰਕ ’ਚ ਹਨ।
ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਲਿਆ ਹੈ। ਇੱਕ ਜਾਂ ਦੋ ਦਿਨਾਂ ’ਚ ਟੈਸਟ ਦੀ ਰਿਪੋਰਟ ਆ ਜਾਵੇਗੀ। ਇਸ ਦੌਰਾਨ ਵ੍ਹਾਈਟ ਹਾਊਸ ਨੇ ਬ੍ਰੀਫ਼ਿੰਗ ਰੂਮ ਦੇ ਅੰਦਰ ਅਤੇ ਵ੍ਹਾਈਟ ਹਾਊਸ ਕੈਂਪਸ ’ਚ ਪੱਤਰਕਾਰਾਂ ਦੇ ਤਾਪਮਾਨ ਦੀ ਵੀ ਜਾਂਚ ਕੀਤੀ।