ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਹਾਂਗਕਾਂਗ ਦੇ ਲੋਕਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਲਈ ਚੀਨ ਵਿਰੁੱਧ ਪਾਬੰਦੀਆਂ ਅਧਿਕਾਰਤ ਕਰਨ ਵਾਲੇ ਇਕ ਕਾਨੂੰਨੀ ਅਤੇ ਕਾਰਜਕਾਰੀ ਹੁਕਮਾਂ ਉੱਤੇ ਦਸਤਖਤ ਕੀਤੇ ਹਨ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਅੱਜ ਮੈਂ ਇੱਕ ਕਾਨੂੰਨ ਅਤੇ ਕਾਰਜਕਾਰੀ ਆਦੇਸ਼ ਉੱਤੇ ਦਸਤਖ਼ਤ ਕੀਤੇ ਹਨ ਅਤੇ ਹਾਂਗਕਾਂਗ ਦੇ ਲੋਕਾਂ ਖਿਲਾਫ ਇਸ ਦੀਆਂ ਦਮਨਕਾਰੀ ਕਾਰਵਾਈਆਂ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।"
ਟਰੰਪ ਨੇ ਕਿਹਾ ਕਿ ਉਸ ਨੇ ਦੁਪਹਿਰ ਨੂੰ ਹਾਂਗਕਾਂਗ ਦੇ ਖੁਦਮੁਖਤਿਆਰੀ ਐਕਟ ਉੱਤੇ ਦਸਤਖਤ ਕੀਤੇ ਜੋ ਚੀਨ ਨੂੰ ਜਵਾਬਦੇਹ ਬਣਾਉਣ ਲਈ ਹੋਰ ਸ਼ਕਤੀਆਂ ਦੇਵੇਗਾ। ਇਹ ਐਕਟ ਹਾਂਗਕਾਂਗ ਦੀ ਖੁਦਮੁਖਤਿਆਰੀ ਦੀ ਰੱਖਿਆ ਲਈ ਵਿਦੇਸ਼ੀ ਵਿਅਕਤੀਆਂ ਅਤੇ ਬੈਂਕਾਂ ਦੇ ਵਿਰੁੱਧ ਪ੍ਰਤੀਬੰਧਿਤ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਦੱਸ ਦਈਏ ਕਿ ਟਰੰਪ ਨੇ ਹਾਂਗਕਾਂਗ ਸੁਰੱਖਿਆ ਐਕਟ ਲਾਗੂ ਹੋਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਐਕਟ 'ਤੇ ਦਸਤਖ਼ਤ ਕੀਤੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਕਾਨੂੰਨ ਹਾਂਗਕਾਂਗ ਦੀ ਆਜ਼ਾਦੀ ਖ਼ਤਮ ਕਰਨ ਲਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਮੇਰੇ ਪ੍ਰਸ਼ਾਸਨ ਨੂੰ ਇਕ ਸ਼ਕਤੀਸ਼ਾਲੀ ਸਾਧਨ ਬਣਾਉਂਦਾ ਹੈ। ਰੋਜ਼ ਗਾਰਡਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਕੀ ਹੋਇਆ, ਇਹ ਚੰਗੀ ਸਥਿਤੀ ਨਹੀਂ ਹੈ। ਉਨ੍ਹਾਂ ਦੀ ਆਜ਼ਾਦੀ ਅਤੇ ਅਧਿਕਾਰ ਖੋਹ ਲਏ ਗਏ ਹਨ।
ਅਮਰੀਕੀ ਰਾਸ਼ਟਰਪਤੀ ਨੇ ਸ਼ਹਿਰ ਦੇ ਤਰਜੀਹੀ ਵਪਾਰ ਦੀ ਸਥਿਤੀ ਨੂੰ ਖ਼ਤਮ ਕਰਨ ਵਾਲੇ ਇਕ ਕਾਰਜਕਾਰੀ ਆਦੇਸ਼ ਉੱਤੇ ਵੀ ਦਸਤਖਤ ਕੀਤੇ ਹਨ। ਵ੍ਹਾਈਟ ਹਾਊਸ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਹੁਣ ਇਸ ਨੂੰ ਹਾਂਗਕਾਂਗ ਨਾਲ ਚੀਨ ਵਾਂਗ ਹੀ ਸਮਝਿਆ ਜਾਵੇਗਾ।
ਇਸ ਤਹਿਤ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਣਗੇ, ਕੋਈ ਵਿਸ਼ੇਸ਼ ਆਰਥਿਕ ਤਰਜੀਹ ਨਹੀਂ ਹੋਵੇਗੀ ਅਤੇ ਨਾ ਹੀ ਸੰਵੇਦਨਸ਼ੀਲ ਤਕਨਾਲੋਜੀਆਂ ਦਾ ਨਿਰਯਾਤ ਹੋਵੇਗਾ। ਦੱਸ ਦਈਏ ਕਿ ਅਮਰੀਕੀ ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਸਰਬਸੰਮਤੀ ਨਾਲ ਹਾਂਗਕਾਂਗ ਆਟੋਨੋਮੀ ਐਕਟ ਨੂੰ ਪਾਸ ਕੀਤਾ ਸੀ।