ਅਮਰੀਕਾ ਦੀ ਅੜੀ, ਟਰੰਪ ਨੇ ਕਿਹਾ- ਈਰਾਕ 'ਚੋਂ ਨਹੀਂ ਹਟਾਵਾਂਗੇ ਫੌਜ - america and iran
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਈਰਾਕ 'ਚੋਂ ਆਪਣੀ ਫੌਜ ਨਹੀਂ ਹਟਾਉਣਗੇ। ਈਰਾਨ ਅਮਰੀਕੀ ਏਅਰਬੇਸ 'ਤੇ ਕੀਤੇ ਹਮਲੇ ਤੋਂ ਬਾਅਦ ਅਮਰੀਕਾ 'ਚ ਵ੍ਹਾਈਟ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ, ਫੈਡਰਲ ਹਵਾਬਾਜ਼ੀ ਪ੍ਰਬੰਧਨ ਨੇ ਨੋਟਿਸ ਜਾਰੀ ਕਰਕੇ ਈਰਾਕ, ਈਰਾਨ ਤੇ ਖਾੜੀ ਮੁਲਕਾਂ ਤੋਂ ਉਡਾਨਾਂ ਰਵਾਨਾ ਕਰਨ ਤੋਂ ਵਰਜਿਆ ਹੈ।
ਵਾਸ਼ਿੰਗਟਨ: ਈਰਾਕ 'ਚ ਅਮਰੀਕੀ ਏਅਰਬੇਸ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਈਰਾਕ ਚੋਂ ਆਪਣੀ ਫੌਜ ਨਹੀਂ ਹਟਾਉਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਫੌਜ ਨੂੰ ਈਰਾਕ ਤੋਂ ਵਾਪਸ ਬੁਲਾਉਣਾ ਈਰਾਕ ਦੇ ਲੋਕਾਂ ਦੇ ਖ਼ਿਲਾਫ ਹੋਵੇਗਾ।
ਡੋਨਲਡ ਟਰੰਪ ਨੇ ਕਿਹਾ ਕਿ ਈਰਾਕ 'ਚੋਂ ਫੌਜ ਵਾਪਸ ਬੁਲਾਉਣ ਦਾ ਅਮਰੀਕਾ ਦਾ ਕੋਈ ਇਰਾਦਾ ਨਹੀਂ ਹੈ। ਇਸ ਦਾ ਈਰਾਕ 'ਤੇ ਬੁਰਾ ਪ੍ਰਭਾਵ ਹੋਵੇਗਾ।
ਦੂਜੇ ਪਾਸੇ, ਫੈਡਰਲ ਹਵਾਬਾਜ਼ੀ ਪ੍ਰਬੰਧਨ ਨੇ ਨੋਟਿਸ ਜਾਰੀ ਕਰਕੇ ਈਰਾਕ, ਈਰਾਨ ਤੇ ਫਾਰਸੀ ਦੀ ਖਾੜੀ ਅਤੇ ਓਮਾਨ ਦੀ ਖਾੜੀ ਤੋਂ ਉਡਾਨਾਂ ਰਵਾਨਾ ਕਰਨ ਤੋਂ ਵਰਜਿਆ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੇ ਮਰਹੂਮ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇੱਕ ‘ਦੈਂਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਾਰੇ ‘ਦੈਂਤ’ ਕਹਿ ਕੇ ਹੀ ਸੱਦਦੇ ਸਨ। ‘ਉਹ ਇੱਕ ਰਾਖ਼ਸ਼ ਸੀ, ਹੁਣ ਉਹ ਰਾਖ਼ਸ਼ ਨਹੀਂ ਰਿਹਾ, ਉਹ ਮਰ ਗਿਆ।’ ਉਨ੍ਹਾਂ ਕਿਹਾ ਕਿ ਉਹ ਅਮਰੀਕਾ ਤੇ ਹੋਰ ਦੇਸ਼ਾਂ ਉੱਤੇ ਇੱਕ ਵੱਡੇ ਘਾਤਕ ਹਮਲੇ ਦੀ ਯੋਜਨਾ ਉਲੀਕ ਰਿਹਾ ਸੀ; ਇਸੇ ਲਈ ਅਮਰੀਕਾ ਨੇ ਉਸ ਨੂੰ ਰੋਕ ਦਿੱਤਾ।
ਈਰਾਨ ਵੱਲੋਂ ਅਮਰੀਕੀ ਏਅਰਬੇਸ ਤੇ ਕੀਤੇ ਹਮਲੇ ਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਅਮਰੀਕਾ 'ਚ ਵ੍ਹਾਈਟ ਹਾਊਸ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਅਮਰੀਕਾ ਦੇ ਸਪੈਸ਼ਲ ਸੀਕ੍ਰੇਟ ਅਫ਼ਸਰ ਹਥਿਆਰਾਂ ਨਾਲ ਤਾਇਨਾਤ ਕਰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ 3 ਜਨਵਰੀ ਨੂੰ ਅਮਰੀਕਾ ਨੇ ਈਰਾਕ 'ਚ ਏਅਰ ਸਟ੍ਰਾਈਕ ਕਰਕੇ ਕੁਦੁਸ ਦੇ ਪ੍ਰਮੁੱਖ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ ਸੀ। ਉਸ ਤੋਂ ਬਾਅਦ ਲਗਾਤਾਰ ਈਰਾਨ ਵੱਲੋਂ ਅਮਰੀਕਾ ਨੂੰ ਬਦਲਾ ਲੈਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।