ਟੌਰਾਂਟੋ:ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਦੀ ਲਿਬਰਲ ਪਾਰਟੀ ਨੂੰ ਭਾਵੇਂ ਕੈਨੇਡਾ ਵਾਲਿਆਂ ਨੇ ਜਿੱਤ ਦਿਵਾ ਦਿੱਤੀ ਪਰ ਸੋਮਵਾਰ ਨੂੰ ਹੋਈਆਂ ਚੋਣਾਂ ਵਿੱਚ ਇਹ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਇਨ੍ਹਾਂ ਚੋਣਾਂ ਵਿੱਚ ਪਾਰਟੀ ਦੀ ਸਥਿਤੀ ਦੋ ਸਾਲ ਪਹਿਲਾਂ ਵਰਗੀ ਹੀ ਰਹੀ। ਹਾਲਾਂਕਿ ਲਿਬਰਲ ਪਾਰਟੀ ਦੂਜੀਆਂ ਸਿਆਸੀ ਧਿਰਾਂ ਨਾਲੋਂ ਵੱਧ ਸੀਟਾਂ ਲੈ ਗਈ। ਜਿਕਰਯੋਗ ਹੈ ਕਿ ਜਸਟਿਸ ਟਰੁਡੋ ਆਪਣੇ ਪਿਤਾ ਦੇ ਚਿਹਰੇ ਦਾ ਲਾਹਾ ਲੈ ਕੇ 2015 ਵਿੱਚ ਪਹਿਲੀ ਵਾਰ ਚੋਣ ਜਿੱਤੇ ਤੇ ਇਸ ਉਪਰੰਤ 49 ਸਾਲਾ ਇਹ ਸਿਆਸੀ ਚਿਹਰਾ ਆਪਣੀ ਪਾਰਟੀ ਨੂੰ ਬੁਲੰਦੀਆਂ ਤੱਕ ਲਿਜਾਉਣ ਵਿੱਚ ਸਫਲ ਰਿਹਾ।
ਇਹ ਹਨ ਹੁਣ ਤੱਕ ਦੇ ਅੰਕੜੇ
ਕੈਨੇਡਾ ਚੋਣ ਨਤੀਜੇ ਤੇ ਰੁਝਾਨ ਦੱਸਦੇ ਹਨ ਕਿ ਲਿਬਰਲ ਪਾਰਟੀ ਹਾਊਸ ਆਫ ਕਾਮਨਜ਼ ਵਿੱਚ ਬਹੁਮਤ ਦੇ ਜਾਦੂਈ ਅੰਕੜੇ 170 ਤੋਂ 13 ਸੀਟਾਂ ਘੱਟ 157 ਤੱਕ ਪੁੱਜਦੀ ਦਿਸ ਰਹੀ ਹੈ। ਇਨ੍ਹਾਂ ਸੀਟਾਂ ‘ਤੇ ਲਿਬਰਲ ਪਾਰਟੀ ਦੇ ਉਮੀਦਵਾਰ ਜਾਂ ਤਾਂ ਚੋਣ ਜਿੱਤ ਚੁੱਕੇ ਹਨ ਤੇ ਜਾਂ ਫੇਰ ਅੱਗੇ ਚੱਲ ਰਹੇ ਹਨ। ਜਿਥੇ ਤੱਕ ਕੰਜਰਵੇਟਿਵ ਪਾਰਟੀ ਦੀ ਸਥਿਤੀ ਹੈ, ਉਹ 2019 ਵਾਂਗ ਇਸ ਵਾਰ ਵੀ 121 ਸੀਟਾਂ ‘ਤੇ ਜਿੱਤ ਜਾਂ ਅੱਗੇ ਚੱਲ ਰਹੀ ਹੈ ਤੇ ਡੈਮੋਕਰੇਟਸ ਦੇ ਨੁਮਾਇੰਦੇ 29 ਸੀਟਾਂ ‘ਤੇ ਅੱਗੇ ਜਾਂ ਜਿੱਤ ਚੁੱਕੇ ਹਨ, ਇਸ ਨੂੰ ਪੰਜ ਸੀਟਾਂ ਦਾ ਫਾਇਦਾ ਹੁੰਦਾ ਦਿਸ ਰਿਹਾ ਹੈ ਤੇ ਕਿਬੈਕੋਇਸ 28 ਤੇ ਗਰੀਨਜ਼ ‘ਤੇ ਅੱਗੇ ਜਾਂ ਜਿੱਤ ਚੁੱਕੇ ਹਨ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਵੇਂ ਟਰੁਡੋ ਦੀ ਪਾਰਟੀ ਬਹੁਗਿਣਤੀ ਤੱਕ ਨਹੀਂ ਪੁੱਜਦੀ ਦਿਸ ਰਹੀ ਪਰ ਉਹ ਅਸਥਿਰ ਵੀ ਨਹੀਂ ਹੋਵੇਗੀ।
ਦੋ ਸਾਲ ਪਹਿਲਾਂ ਕਰਵਾਈਆਂ ਚੋਣਾਂ
ਜਿਕਰਯੋਗ ਹੈ ਕਿ ਟਰੁਡੋ ਨੇ ਦੋ ਸਾਲ ਪਹਿਲਾਂ ਚੋਣ ਕਰਵਾ ਲਈ, ਜਿਸ ਕਾਰਨ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੁੱਕਿਆ ਕਿ ਟਰੁਡੋ ਨੇ ਆਪਣੇ ਹਿੱਤ ਸਾਧਣ ਲਈ ਪਹਿਲਾਂ ਚੋਣ ਕਰਵਾ ਲਈ। ਬਹੁਗਿਣਤੀ ਤੱਕ ਨਾ ਪੁੱਜਣ ਕਰਕੇ ਮਾਹਰਾਂ ਦਾ ਇਹ ਮੰਨਣਾ ਹੈ ਕਿ ਸੱਤਾ ਹਾਸਲ ਲਈ ਖੇਡਿਆ ਜੂਆ ਟਰੁਡੋ ਹਾਰ ਗਏ ਹਨ, ਕਿਉਂਕਿ ਜਿੱਤ ਵੱਡੀ ਨਹੀਂ ਹੈ। ਮਾਹਰਾਂ ਦਾ ਮੰਣਨਾ ਹੈ ਕਿ ਲੋਕ ਵੀ ਇਹ ਕਥਿਤ ਬੇਲੋੜੀ ਚੋਣ ਨਹੀਂ ਸੀ ਚਾਹੁੰਦੇ।