ਵਾਸ਼ਿੰਗਟਨ: ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਉੱਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸੇ ਭਾਰਤੀਆਂ ਨੇ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਅਮਰੀਕਾ ਦੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਉੱਤੇ ਪਹਿਲੀ ਵਾਰ ਅਮਰੀਕਾ ਦੇ ਝੰਡੇ ਦੇ ਨਾਲ ਭਾਰਤ ਦਾ ਕੌਮੀ ਝੰਡਾ ਲਹਿਰਾਇਆ ਗਿਆ। ਇਸ ਦੇ ਨਾਲ ਹੀ ਦੇਸ਼ ਭਗਤਾਂ ਨੇ ਰਾਸ਼ਟਰ ਗਾਣ ਤੇ ਦੇਸ਼ ਭਗਤੀ ਦੇ ਗੀਤਾਂ ਨੂੰ ਗਾ ਕੇ ਆਜ਼ਾਦੀ ਦਿਹਾੜਾ ਮਨਾਇਆ। ਹਾਲਾਂਕਿ ਕੋਵਿਡ-19 ਮਹਾਂਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਮਾਜਿਕ ਦੂਰੀ ਤੇ ਮਾਸਕ ਦੀ ਵਰਤੋਂ ਕੀਤੀ।
74ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਤੋਂ ਇਲਾਵਾ ਨਿਊਜ਼ੀਲੈਂਡ, ਆਸਟਰੇਲੀਆ, ਇੰਡੋਨੇਸ਼ੀਆ, ਸਿੰਗਾਪੁਰ, ਚੀਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ (ਯੂਏਈ), ਇਜ਼ਰਾਈਲ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਮਾਗਮ ਕਰਵਾਏ ਗਏ।
ਨਿਊਯਾਰਕ ਵਿੱਚ, ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਨੇ ਟਾਈਮਜ਼ ਸਕੁਏਅਰ ਵਿਖੇ ਝੰਡਾ ਲਹਿਰਾਇਆ। ਇਹ ਸਮਾਗਮ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ (ਐਫਆਈਏ) ਦੁਆਰਾ ਆਯੋਜਿਤ ਕੀਤਾ ਗਿਆ।