ਵਾਸ਼ਿੰਗਟਨ: ਅਮਰੀਕਾ ਵਿੱਚ ਵ੍ਹਾਈਟ ਹਾਊਸ ਦੇ ਬਾਹਰ ਗੋਲ਼ੀਬਾਰੀ ਦੀ ਘਟਨਾ ਹੋਈ ਹੈ, ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਇਹ ਗੋਲ਼ੀ ਚੱਲੀ ਉਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੀ ਘਟਨਾ ਦੀ ਜਾਣਕਾਰੀ ਖ਼ੁਦ ਮੀਡੀਆ ਨੂੰ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਹਲਾਤ ਕਾਬੂ ਵਿੱਚ ਹਨ।
ਟਰੰਪ ਨੇ ਕਿਹਾ, ਵ੍ਹਾਈਟ ਹਾਊਸ ਦੇ ਬਾਹਰ ਗੋਲ਼ੀ ਚੱਲੀ ਪਰ ਹਲਾਤ ਕਾਬੂ ਵਿੱਚ ਹਨ। ਮੈਂ ਸੀਕਰੇਟ ਸਰਵਿਸ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤੇਜ਼ੀ ਅਤੇ ਤੁਰੰਤ ਹਰਕਤ ਵਿੱਚ ਆਉਣ ਲਈ ਧੰਨਵਾਦ ਕਰਦਾ ਹਾਂ, ਕਿਸੇ ਵਿਅਕਤੀ ਨੂੰ ਹਸਪਤਾਲ ਲਜਾਇਆ ਗਿਆ ਹੈ, ਲਗਦਾ ਹੈ ਉਸ ਵਿਅਕਤੀ ਨੂੰ ਸੀਕਰੇਟ ਸਰਵਿਸ ਦੀ ਗੋਲ਼ੀ ਲੱਗੀ ਹੈ।
ਜਾਣਕਾਰੀ ਅਨੁਸਾਰ, ਜਦੋਂ ਡੋਨਾਲਡ ਟਰੰਪ ਮੀਡੀਆ ਦੇ ਮੁਖ਼ਾਤਬ ਹੋ ਰਹੇ ਸੀ ਤਾਂ ਉਸ ਦੌਰਾਨ ਸੀਕਰੇਟ ਸਰਵਿਸ ਦੇ ਅਧਿਕਾਰੀ ਆਏ ਅਤੇ ਟਰੰਪ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਗਏ ਜਿਸ ਤੋਂ ਕੁਝ ਸਮਾਂ ਬਾਅਦ ਟਰੰਪ ਨੇ ਆ ਕੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।
ਖ਼ਬਰਾਂ ਮੁਤਾਬਕ, ਖ਼ੂਫੀਆ ਏਜੰਸੀ ਦੇ ਅਧਿਕਾਰੀਆਂ ਨੇ ਐਨ ਵੇਲੇ 'ਤੇ ਕਾਰਵਾਈ ਕੀਤੀ ਜਿਸ ਕਾਰਨ ਗੋਲ਼ੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਗਿਆ, ਇਹ ਵੀ ਕਿਹਾ ਜਾ ਰਿਹਾ ਹੈ ਕਿ ਏਜੰਸੀ ਦੀ ਜਵਾਬੀ ਕਾਰਵਾਈ ਵਿੱਚ ਫ਼ਾਇਰਿੰਗ ਕਰਨ ਵਾਲੇ ਵਿਅਕਤੀ ਦੇ ਵੀ ਗੋਲ਼ੀ ਲੱਗੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।