ਨਵੀਂ ਦਿੱਲੀ: ਅਮਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਬੁੱਧਵਾਰ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਹੋਣ ਜਾ ਰਹੀ ਹੈ। ਇਹ ਗੱਲਬਾਤ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਹੋਵੇਗੀ। ਇਸ ਬੈਠਕ ਵਿੱਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਵੱਲੋਂ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕੀਤੀ ਜਾਵੇਗੀ।
ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਦੁਵੱਲੇ ਸੁਰੱਖਿਆ ਸੰਬੰਧਾਂ ਨੂੰ ਵਧਾਉਣ ਲਈ ਕੁੱਝ ਅਹਿਮ ਸਮਝੌਤੇ ਹੋ ਸਕਦੇ ਹਨ। ਅਧਿਕਾਰਿਆਂ ਮੁਤਾਬਕ ਬੈਠਕ ਵਿੱਚ ਭਾਰਤ ਐੱਮਐੱਚ-60 ਆਰ ਹੈਲੀਕਾਪਟਰਾਂ, ਐੱਮਕੇ-45 ਤੋਪਾਂ ਅਤੇ ਹੋਰ ਸੁਰੱਖਿਆਂ ਉਪਕਰਣਾਂ ਦੀ ਖਰੀਦ ਦਾ ਐਲਾਨ ਕਰ ਸਕਦਾ ਹੈ।
ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕਿਹਾ ਸੀ ਕਿ "ਉਹ ਅਮਰੀਕਾ ਵਿੱਚ 2 ਪਲੱਸ 2 ਬੈਠਕ ਸਮੇਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਨੋਰਫੋਕ ਨੇਵਲ ਬੇਸ ਦਾ ਦੌਰਾ ਕਰਣਗੇ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਕਮਿਊਨਿਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਣਗੇ।"
ਰੱਖਿਆ ਮੰਤਰੀ ਵੱਲੋਂ ਅਮਰੀਕਾ ਦੇ ਨੇਵਲ ਸਟੇਸ਼ਨ ਨੋਰਫੋਕ ਦਾ ਦੌਰਾ ਕੀਤਾ। ਉਨ੍ਹਾਂ ਟਵੀਟ ਕਰ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ "ਮੈਨੂੰ ਨਿਮਿਟਜ਼-ਕਲਾਸ ਦੇ ਏਅਰਕ੍ਰਾਫਟ ਕੈਰੀਅਰ, ਯੂ.ਐੱਸ.ਐੱਸ. ਡਵਾਈਟ ਡੀ ਆਈਜ਼ਨਹਵਰ 'ਤੇ ਸਵਾਰ ਹੋਣ ਦਾ ਮੌਕਾ ਮਿਲਿਆ ਤੇ ਅਸੀਂ ਭਾਰਤ ਅਤੇ ਸੰਯੁਕਤ ਰਾਜ ਦੇ ਵਿਚਕਾਰ ਮਜ਼ਬੂਤ ਰੱਖਿਆ ਸੰਬੰਧਾਂ 'ਤੇ ਇੱਕ ਝਾਤ ਮਾਰੀ ਹੈ।" ਉਨ੍ਹਾਂ ਵੱਲੋਂ F/A-18E ਫਲਾਈਟ ਦੀ ਵੀ ਪ੍ਰਦਰਸ਼ਨੀ ਵੇਖੀ ਗਈ ਸੀ।
ਇਸ ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ ਮੰਤਰੀ ਤੇ ਐੱਸ ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਨਾਲ ਗੱਲਬਾਤ ਕਰਨਗੇ। ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਪਹਿਲੀ ਦੋ ਪਲੱਸ ਦੋ ਗੱਲਬਾਤ ਪਿਛਲੇ ਸਾਲ ਸਤੰਬਰ ਵਿੱਚ ਹੋਈ ਸੀ। ਇਹ ਬੈਠਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਹਿਮਤੀ ਨਾਲ ਦਿੱਲੀ ਵਿੱਚ ਹੋਈ ਸੀ।