ਨਵੀਂ ਦਿੱਲੀ: ਸ਼ਨੀਵਾਰ ਸ਼ਾਮ ਤੱਕ 7,34,000 ਤੋਂ ਵੱਧ ਕੋਰੋਨਾ ਸੰਕਰਮਣ ਦੇ ਮਾਮਲਿਆਂ ਨਾਲ, ਸਯੁੰਕਤ ਰਾਜ ਅਮਰੀਕਾ ਨੇ ਹੁਣ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਇਸ ਦੇ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਦੁਨੀਆਂ ਦੇ ਬਾਕੀ ਸਾਰੇ ਦੇਸ਼ਾਂ ਨੂੰ ਪਛਾੜ ਕੇ ਰੱਖ ਦਿੱਤਾ ਹੈ।
ਅਮਰੀਕਾ ਵਿੱਚ 24 ਘੰਟਿਆਂ ਦੌਰਾਨ ਹੋਈਆਂ 1900 ਮੌਤਾਂ ਦੇ ਨਾਲ ਹੁਣ ਤੱਕ ਤਕਰੀਬਨ 38800 ਲੋਕਾਂ ਦੀ ਇਸ ਮਹਾਮਾਰੀ ਦੇ ਕਾਰਨ ਹੁਣ ਤੱਕ ਫ਼ੌਤ ਹੋਣ ਦੀ ਸੂਚਨਾ ਹੈ। ਇਹ ਵੀ ਉਦੋਂ, ਜਦੋਂ ਜ਼ਿਆਦਾਤਰ ਅਮਰੀਕੀ ਲੋਕ ਤਾਲਾਬੰਦੀ ਦੇ ਵਧਣ ਦੇ ਆਦੇਸ਼ਾਂ ਅਧੀਨ ਹਨ। ਇਸ ਦੌਰਾਨ ਘੱਟ ਪ੍ਰਭਾਵਿਤ ਰਾਜਾਂ ਵਿੱਚ ਮਹਾਂਮਾਰੀ ਦੀ ਭਾਰੀ ਆਰਥਿਕ ਮਾਰ ਹੇਠ ਦੱਬੇ ਹੋਏ ਲੋਕ ਹੁਣ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਏ ਹਨ।
ਇਸ ਸੰਕਟ ਦੌਰਾਨ ਭਾਰਤੀ-ਅਮਰੀਕੀ ਸਮਾਜ ਅਤੇ ਪ੍ਰਵਾਸੀ ਲੋਕਾਂ ਦੇ ਸਮੂਹ, ਫਸੇ ਹੋਏ ਭਾਰਤੀਆਂ ਖਾਸ ਕਰਕੇ 200,000 ਵਿਦਿਆਰਥੀਆਂ ਨੂੰ ਕੁੱਝ ਰਾਹਤ ਉਪਾਵਾਂ ਅਤੇ ਸਹਾਇਤਾ ਦੇਣ ਲਈ ਭਾਰਤੀ ਦੂਤਾਵਾਸ ਅਤੇ ਕੌਂਸਲਰਾਂ ਨਾਲ ਹੱਥ ਮਿਲਾਏ। ਕਈਆਂ ਨੇ ਭਾਰਤੀਆਂ ਦੇ ਰਹਿਣ ਲਈ ਆਪਣੇ ਹੋਟਲ ਖੋਲ੍ਹ ਦਿੱਤੇ ਅਤੇ ਕਈ ਭੋਜਨ, ਦਵਾਈਆਂ ਦੀ ਸਪਲਾਈ ਰਾਹੀਂ ਉਹਨਾਂ ਦੀ ਸਹਾਇਤਾ ਕਰ ਰਹੇ ਹਨ। ਇਨ੍ਹਾਂ ਸਮਾਜਿਕ ਚਿੰਤਾਵਾਂ ਬਾਰੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲਬਾਤ ਕੀਤੀ।
ਇਸ ਨਵੇਕਲੀ ਗੱਲਬਾਤ ਦੋਰਾਨ ਰਾਜਦੂਤ ਸੰਧੂ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਡਾਕਟਰੀ ਮੋਰਚੇ 'ਤੇ ਵੀ ਨੇੜਿਓਂ ਸਹਿਯੋਗ ਕਰ ਰਹੇ ਹਨ ਅਤੇ ਕੋਵਿਡ-19 ਵਿਰੁੱਧ ਹੋ ਰਹੀ ਲੜਾਈ ਵਿੱਚ ਅਮਰੀਕਾ ਦੀ ਮਦਦ ਕਰਨ ਲਈ ਭਾਰਤ ਹਾਈਡ੍ਰੋਕਸੀਕਲੋਰੋਕਿਨ ਦਵਾਈ ਬਨਾਉਣ ਵਿੱਚ ਚੋਟੀ ਦਾ ਨਿਰਮਾਤਾ ਹੋਣ ਦੇ ਨਾਤੇ ਇਹ ਅਮਰੀਕਾ ਨੂੰ ਸਪਲਾਈ ਕਰ ਰਿਹਾ ਹੈ।
ਭਾਰਤ ਵਪਾਰਕ ਅਧਾਰ 'ਤੇ ਅਤੇ ਮਾਨਵਤਾ ਨੂੰ ਅਧਾਰ ਮੰਨ ਕੇ ਯੂ.ਐੱਸ., ਜਰਮਨੀ, ਅਫਗਾਨਿਸਤਾਨ ਸਮੇਤ 50 ਤੋਂ ਵੱਧ ਦੇਸ਼ਾਂ ਨੂੰ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਿਨ ਸਪਲਾਈ ਕਰ ਰਿਹਾ ਹੈ। ਸਾਰੇ ਵਸੀਲਿਆਂ ਤੋਂ ਮਦਦ ਵੀ ਕਰ ਰਿਹਾ ਹੈ। ਰਾਜਦੂਤ ਸੰਧੂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਭਾਰਤੀਆਂ ਦੀਆਂ ਵੀਜ਼ੇ ਨਾਲ ਜੁੜੀਆਂ ਚਿੰਤਾਵਾਂ ਨੂੰ ਵੀ ਸਬੰਧਤ ਅਧਿਕਾਰੀਆਂ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਵਿਚਾਰ-ਵਟਾਂਦਰਾਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੋਈ ਵਿਸ਼ੇਸ਼ ਗੱਲਬਾਤ ਹੇਠ ਅਨੁਸਾਰ ਹੈ।
ਭਾਰਤੀ ਰਾਜਦੂਤ- ਅਮਰੀਕਾ ਵਿੱਚ ਭਾਰਤੀਆਂ ਨੂੰ ਸਹਾਇਤਾ ਪ੍ਰਦਾਨ ਕਰਦੇ ਹੋਏ, ਵੀਜ਼ਾ ਸੰਬੰਧੀ ਚਿੰਤਾਵਾਂ ਬਾਰੇ ਗੱਲਬਾਤ
ਸਾਨੂੰ ਅਮਰੀਕਾ ਦੇ ਜ਼ਮੀਨੀ ਹਾਲਾਤਾਂ ਬਾਰੇ ਜਾਣਕਾਰੀ ਦਿਉ, ਅਤੇ ਤੁਹਾਡੇ ਅਤੇ ਇਸ ਮਿਸ਼ਨ ਰਾਹੀਂ ਇਸ ਵਰਤਮਾਨ ਤਾਲਾਬੰਦੀ ਦੌਰਾਨ ਭਾਰਤੀ ਸਮਾਜ ਦੇ ਕਿੰਨੇ ਕੁ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ?
ਰਾਜਦੂਤ ਤਰਨਜੀਤ ਸੰਧੂ- ਜਿੱਥੋਂ ਤੱਕ ਸੰਯੁਕਤ ਰਾਜ ਦੀ ਸਥਿਤੀ ਦਾ ਸਵਾਲ ਹੈ, ਸਾਰੇ 50 ਰਾਜਾਂ ਵਿੱਚ ਕੁੱਲ 6.32 ਲੱਖ ਕੇਸ ਹਨ। ਇਨ੍ਹਾਂ ਵਿੱਚੋਂ 33 ਪ੍ਰਤੀਸ਼ਤ ਕੇਸ ਨਿਊਯਾਰਕ ਵਿੱਚ ਹਨ। ਇਸ ਸਮੇਂ 90 ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਤਾਲਾਬੰਦ ਹੈ ਜਾਂ ਇਹ ਲੋਕ ਘਰਾਂ ਵਿੱਚ ਹੀ ਹਨ।
ਜਿੱਥੋਂ ਤੱਕ ਭਾਰਤੀਆਂ ਦਾ ਸਵਾਲ ਹੈ, ਕੁੱਲ 2,00,000 ਵਿਦਿਆਰਥੀ ਹਨ। ਲੱਗਭਗ 1,25,000 ਐੱਚ.-1 ਬੀ. ਵੀਜ਼ਾ ਧਾਰਕ ਅਤੇ 600,000 ਗ੍ਰੀਨ ਕਾਰਡ ਧਾਰਕ ਹਨ। ਇਸ ਤੋਂ ਇਲਾਵਾ ਇੱਥੇ ਥੌੜੇ ਸਮੇਂ ਲਈ ਯਾਤਰੀ ਅਤੇ ਬਹੁਤ ਸਾਰੇ ਸੈਲਾਨੀ ਵੀ ਹੁੰਦੇ ਹਨ। ਸਾਡੇ ਦੂਤਘਰ ਅਤੇ ਕੌਂਸਲਰ ਪਹਿਲੇ ਦਿਨ ਤੋਂ ਹੀ ਕੰਮ ਕਰ ਰਹੇ ਹਨ। ਅਸੀਂ ਲਗਾਤਾਰ ਦੇਸ਼ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕਾਂ ਨਾਲ ਸਿੱਧੇ ਸੰਪਰਕ ਵਿੱਚ ਹਾਂ।
ਤੁਸੀਂ ਪੂਰੇ ਅਮਰੀਕਾ ਵਿੱਚ ਫਸੇ ਭਾਰਤੀਆਂ ਖਾਸਕਰ ਵਿਦਿਆਰਥੀਆਂ ਨਾਲ ਕਿਵੇਂ ਜੁੜੇ ਹੋਏ ਹੋ?
ਰਾਜਦੂਤ ਤਰਨਜੀਤ ਸੰਧੂ - ਜਿੱਥੋਂ ਤੱਕ ਵਿਦਿਆਰਥੀਆਂ ਅਤੇ ਭਾਰਤੀ ਸਮਾਜ ਤੱਕ ਪਹੁੰਚ ਦਾ ਸਵਾਲ ਹੈ, ਅਸੀਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ - ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਅਤੇ ਸਾਡੀ ਆਪਣੀ ਵੈੱਬਸਾਈਟ ‘ਤੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। 11 ਮਾਰਚ ਨੂੰ, ਜਿਸ ਦਿਨ ਡਬਲਯੂ.ਐੱਚ.ਓ. (ਵਿਸ਼ਵ ਸਿਹਤ ਸੰਗਠਨ) ਨੇ ਇਸ ਨੂੰ ਮਹਾਂਮਾਰੀ ਘੋਸਿਤ ਕੀਤਾ, ਅਸੀਂ ਸੰਯੁਕਤ ਰਾਜ ਦੇ ਪੰਜਾਂ ਦੂਤਾਵਾਸਾਂ ਅਤੇ ਆਪਣੇ ਦੂਤਘਰ (ਵਾਸ਼ਿੰਗਟਨ ਡੀ.ਸੀ.) ਵਿੱਚ 24/7 ਹੈਲਪਲਾਈਨ ਸਥਾਪਿਤ ਕੀਤੀਆਂ।
ਵਿਦਿਆਰਥੀਆਂ ਲਈ ਅਸੀਂ ਇੱਕ ਵਿਸ਼ੇਸ਼ ਪੀਅਰ ਸਪੋਰਟ ਲਾਈਨ ਸਥਾਪਤ ਕੀਤੀ ਜੋ ਕਿ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦੀ ਹੈ ਅਤੇ ਇਸ ਦੇ ਜ਼ਰੀਏ ਅਸੀਂ ਤਕਰੀਬਨ 8,000 ਲਿੰਕਾਂ ਰਾਹੀਂ ਲਗਭਗ 50,000 ਵਿਦਿਆਰਥੀਆਂ ਨੂੰ ਬਾਹਰ ਕੱਢਣ ਵਿੱਚ ਸਫਲ ਹੋਏ ਹਾਂ। ਇਸਦੇ ਇਲਾਵਾ ਅਸੀਂ 11 ਅਪ੍ਰੈਲ ਨੂੰ ਇੰਸਟਾਗ੍ਰਾਮ ਰਾਹੀਂ ਲਾਈਵ ਗੱਲਬਾਤ ਵੀ ਕੀਤੀ, ਜਿਸ ਦੁਆਰਾ ਅਸੀਂ 25,000 ਤੋਂ ਵੱਧ ਵਿਦਿਆਰਥੀਆਂ ਨਾਲ ਜੁੜਨ ਦੇ ਯੋਗ ਹੋਏ। ਅਸੀਂ ਲੱਗਭਗ 20 ਤਰ੍ਹਾਂ ਦੀਆਂ ਵਿਸਥਾਰਪੂਰਵਕ ਹਦਾਇਤਾਂ ਵੀ ਜਾਰੀ ਕੀਤੀਆਂ। ਇਹ ਖਾਸ ਤੌਰ 'ਤੇ ਵਿਦਿਆਰਥੀਆਂ ਲਈ ਬਹੁਤ ਖਾਸ ਹਦਾਇਤਾਂ ਹਨ। ਅਸੀਂ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਵੀ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਇਸ ਤਰ੍ਹਾਂ ਅਸੀਂ ਯੂ.ਐੱਸ. ਵਿੱਚ ਬਹੁਤੇ ਭਾਰਤੀ ਸਮਾਜ ਨਾਲ ਜੁੜੇ ਹੋਏ ਹਾਂ।
ਬਹੁਤ ਸਾਰੇ ਫਸੇ ਹੋਏ ਭਾਰਤੀ ਘਰ ਪਰਤਣ ਲਈ ਮਦਦ ਦੀ ਅਪੀਲ ਕਰ ਰਹੇ ਹਨ। ਤੁਸੀਂ ਵਿਸ਼ੇਸ਼ ਤੌਰ 'ਤੇ ਭਾਰਤੀ ਵਿਦਿਆਰਥੀਆਂ ਦੀਆਂ ਕਿਸ ਤਰ੍ਹਾਂ ਦੀਆਂ ਐਮਰਜੈਂਸੀ ਬੇਨਤੀਆਂ ਪੂਰੀਆਂ ਕਰ ਰਹੇ ਹੋ ਅਤੇ ਤੁਹਾਡੇ ਵੱਲੋਂ ਉਨ੍ਹਾਂ ਨੂੰ ਕੀ ਹਦਾਇਤ ਦਿੱਤੀ ਜਾ ਰਹੀ ਹੈ? ਇਸ ਸੰਕਟ ਦੋਰਾਨ ਸਮਾਜਿਕ ਸੰਗਠਨਾਂ ਦੁਆਰਾ ਕਿਸ ਕਿਸਮ ਦਾ ਸਮਰਥਨ ਦਿੱਤਾ ਗਿਆ ਹੈ?
ਰਾਜਦੂਤ ਤਰਨਜੀਤ ਸੰਧੂ - ਵਿਦਿਆਰਥੀਆਂ ਨੂੰ ਵਿਸ਼ੇਸ਼ ਸਹਾਇਤਾ ਦੇ ਲਿਹਾਜ਼ ਨਾਲ, ਅਸੀਂ ਉਨ੍ਹਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਹੈ। ਸਭ ਤੋਂ ਪਹਿਲਾਂ ਡਾਕਟਰੀ ਸਹੂਲਤਾਂ ਤੱਕ ਪਹੁੰਚ। ਜਦੋਂ ਵੀ ਕੋਈ ਐਮਰਜੈਂਸੀ ਸਾਡੇ ਧਿਆਨ ਵਿੱਚ ਆਈ, ਉਦਾਹਰਣ ਵਜੋਂ ਕੋਲੋਰਾਡੋ ਵਿੱਚ ਜਿੱਥੇ ਇੱਕ ਵਿਦਿਆਰਥੀ ਅਤੇ ਉਸਦੇ ਪਰਿਵਾਰ ਨੂੰ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਅਸੀਂ ਤੁਰੰਤ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇੱਕ ਸਮਾਜਿਕ ਡਾਕਟਰ ਨਾਲ ਸੰਪਰਕ ਕੀਤਾ ਅਤੇ ਸਹਾਇਤਾ ਕਰਨ ਦੇ ਯੋਗ ਹੋਏ।
ਇਸੇ ਤਰ੍ਹਾਂ ਜਿੱਥੇ ਰਹਿਣ-ਸਹਿਣ ਸੰਬੰਧੀ ਕੋਈ ਮੁਸ਼ਕਲ ਆਈ, ਅਸੀਂ ਜ਼ਿਆਦਾਤਰ ਯੂਨੀਵਰਸਿਟੀਆਂ ਨੂੰ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਉੱਥੇ ਹੀ ਖਾਸ ਵਿਅਕਤੀਗਤ ਕਮਰਿਆਂ ਵਿੱਚ ਠਹਿਰਾਉਣ ਲਈ ਮਨਾਇਆ। ਇਸ ਤੋਂ ਇਲਾਵਾ ਅਸੀਂ ਕਈ ਭਾਰਤੀ-ਅਮਰੀਕੀ ਹੋਟਲ ਮਾਲਕਾਂ ਨਾਲ ਵੀ ਸੰਪਰਕ ਕਰਨ ਦੇ ਯੋਗ ਹੋਏ ਜੋ ਕਿ ਵਧੇਰੇ ਦਿਆਲੂ ਹੋਏ ਅਤੇ ਉਨ੍ਹਾਂ ਨੇ ਭਾਰਤੀ ਸਮਾਜ, ਖ਼ਾਸਕਰ ਵਿਦਿਆਰਥੀਆਂ ਦੇ ਰਹਿਣ ਲਈ ਸਹਾਇਤਾ ਪ੍ਰਦਾਨ ਕੀਤੀ। ਕੁੱਝ ਲੋਕਾਂ ਨੇ ਭੋਜਨ ਦੀ ਸਹਾਇਤਾ ਲੈਣ ਲਈ ਵੀ ਬੇਨਤੀ ਕੀਤੀ, ਅਤੇ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਅਸੀਂ ਇਹ ਵੀ ਸੰਭਵ ਕਰਨ ਦੇ ਯੋਗ ਹੋਏ।
ਅਸੀਂ ਐਮਰਜੈਂਸੀ ਹਾਲਾਤਾਂ ਵਿੱਚ ਪਰਿਵਾਰਕ ਮੈਂਬਰਾਂ ਦੀ ਜਾਂਚ ਸਬੰਧੀ ਬੇਨਤੀਆਂ ਵੀ ਪ੍ਰਾਪਤ ਕੀਤੀਆਂ। ਸਾਰੇ ਦੂਤਾਵਾਸ ਅਤੇ ਦੂਤਾਘਰ ਇਨ੍ਹਾਂ ’ਤੇ ਕੰਮ ਕਰ ਰਹੇ ਹਨ। ਬਹੁਤ ਸਾਰੇ ਭਾਰਤੀ-ਅਮਰੀਕੀ ਸਮਾਜ ਦੇ ਮੈਂਬਰ ਇਸ ਵਿੱਚ ਸਾਡੀ ਮਦਦ ਕਰਨ ਲਈ ਅੱਗੇ ਆਏ ਹਨ।
ਕਈ ਗੰਭੀਰ ਚਿੰਤਾਵਾਂ ਵੀਜੇ ਨਾਲ ਜੁੜੀਆਂ ਹਨ, ਖ਼ਾਸਕਰ ਐਚ.-1 ਬੀ. ਵੀਜ਼ਾ ਕਾਰਡ ਧਾਰਕਾਂ ਦੀਆਂ। ਇਸ ‘ਤੇ ਤੁਹਾਡੀਆਂ ਕੀ ਟਿੱਪਣੀਆਂ ਹਨ?
ਰਾਜਦੂਤ ਤਰਨਜੀਤ ਸੰਧੂ- ਵੀਜ਼ੇ ਨਾਲ ਜੁੜੇ ਮੁੱਦਿਆਂ, ਵਿਸ਼ੇਸ਼ ਤੌਰ 'ਤੇ ਐਚ.-1 ਬੀ., ਜੇ.-1, ਐਫ.-1 ਵੀਜ਼ਾ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਬੇਨਤੀਆਂ ਆਈਆਂ ਹਨ। ਅਸੀਂ ਅਮਰੀਕਾ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਹਾਲਾਤ ਲਗਾਤਾਰ ਬਦਲ ਰਹੇ ਹਨ। ਜਿਵੇਂ ਹੀ ਸਥਿਤੀ ਸਥਿਰ ਹੁੰਦੀ ਹੈ, ਇਨ੍ਹਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਸਾਡੀਆਂ ਹਦਾਇਤਾਂ ਨੂੰ ਵੇਖੋ। ਉਹ ਵਧੇਰੇ ਸਪੱਸ਼ਟ ਹਨ। ਉਹ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਯੂ.ਐੱਸ. ਵਿੱਚ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਸ ਨਾਲ ਤੁਸੀਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕੋਗੇ ਕਿ ਤੁਸੀਂ ਵੀਜ਼ਾ ਸਬੰਧੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ।
ਨੇੜਲੇ ਰਣਨੀਤਕ ਸਾਂਝੇਦਾਰ ਹੋਣ ਦੇ ਨਾਤੇ, ਅੱਜ ਭਾਰਤ ਅਤੇ ਅਮਰੀਕਾ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਕਿਵੇਂ ਤਾਲਮੇਲ ਕਰ ਰਹੇ ਹਨ?
ਰਾਜਦੂਤ ਤਰਨਜੀਤ ਸੰਧੂ - ਕੋਰੋਨਾ ਵਾਇਰਸ ਦੇ ਸੰਬੰਧ ਵਿੱਚ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਚਾਲੇ ਹੁਣ ਤੱਕ ਸਹਿਯੋਗ ਅਤੇ ਸਾਂਝੇਦਾਰੀ ਦੀ ਵਿਸ਼ਾਲ ਸੰਭਾਵਨਾ ਦਿਖਾਈ ਦੇ ਰਹੀ ਹੈ। ਦੋਵਾਂ ਦੇਸ਼ ਦੇ ਨਿੱਜੀ ਅਦਾਕਾਰਾਂ ਅਤੇ ਜਨਤਕ ਉਦਯੋਗਾਂ ਨੂੰ ਇਸ ਮਹਾਂਮਾਰੀ ਨਾਲ ਲੜਨ ਲਈ ਲੰਬੇ ਸਮੇਂ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ, ਜੋ ਦੋਵਾਂ ਹੀ ਦੇਸ਼ਾਂ ਨੂੰ ਖਤਰੇ ਵਿੱਚ ਪਾ ਰਹੀ ਹੈ।
ਦੋਵਾਂ ਦੇਸ਼ਾਂ ਦੀਆਂ ਫਾਰਮਾਸਿਯੂਟੀਕਲ ਅਤੇ ਮੈਡੀਕਲ ਕੰਪਨੀਆਂ ਵੀ ਲਗਾਤਾਰ ਆਪਸੀ ਸੰਪਰਕ ਵਿੱਚ ਹਨ। ਯੂ.ਐੱਸ. ਵਿੱਚ ਹਾਈਡਰੋਕਸੀਕਲੋਰੋਕੁਇਨ ਦਵਾਈ ਦੀ ਵੱਡੀ ਮੰਗ ਹੈ। ਭਾਰਤ ਦੁਨੀਆਂ ਵਿੱਚ ਇਸਦਾ ਸਭ ‘ਤੋਂ ਵੱਡਾ ਉਤਪਾਦਕ ਹੈ। ਸਾਨੂੰ ਇਸ ਸਪਲਾਈ ਚੇਨ ਦਾ ਹਿੱਸਾ ਬਣਨ ‘ਤੇ ਮਾਣ ਹੈ ਅਤੇ ਇੱਕ ਭਰੋਸੇਮੰਦ ਸਾਥੀ ਵਜੋਂ ਅਸੀਂ ਹਮੇਸ਼ਾ ਹੀ ਸਹਿਯੋਗ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਕਈ ਭਾਰਤੀ ਕੰਪਨੀਆਂ ਟੈਸਟਿੰਗ ਕਿੱਟਾਂ, ਵੈਂਟੀਲੇਟਰਾਂ, ਪੀ.ਪੀ.ਈ. ਕਿੱਟਾਂ ਲਈ ਅਮਰੀਕਾ ਦੇ ਲਗਾਤਾਰ ਸੰਪਰਕ ਵਿੱਚ ਹਨ।
ਸਮਿਤਾ ਸ਼ਰਮਾ