ਵਾਸ਼ਿੰਗਟਨ ਡੀਸੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਦੌਰੇ ਦੌਰਾਨ ਕਾਫ਼ੀ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਪਹਿਲਾਂ ਏਅਰਪੋਰਟ 'ਤੇ ਕੋਈ ਅਮਰੀਕੀ ਅਧਿਕਾਰੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਪਹੁੰਚਿਆ। ਉਸ ਤੋਂ ਬਾਅਦ ਅੱਜ ਇੱਕ ਸਮਾਗਮ ਦੌਰਾਨ ਬਲੌਚ ਸਮਾਜਸੇਵੀਆਂ ਨੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਸੋਮਵਾਰ ਨੂੰ ਇਮਰਾਨ ਖ਼ਾਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਹੋਣੀ ਤੈਅ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਹੋਇਆ। ਵਾਸ਼ਿੰਗਟਨ ਡੀਸੀ 'ਚ ਕਰਵਾਏ ਗਏ ਸਮਾਗਮ ਦੌਰਾਨ ਬਲੋਚਿਸਤਾਨ ਦੇ ਜੰਮਪਲ ਕੁਝ ਮੁਜ਼ਾਹਰਾਕਾਰੀਆਂ ਨੇ ਇਮਰਾਨ ਖ਼ਾਨ ਦੇ ਭਾਸ਼ਣ ਦੌਰਾਨ ਸਟੇਜ ਉੱਤੇ ਚੜ੍ਹ ਕੇ ਖ਼ੂਬ ਹੰਗਾਮਾ ਕੀਤਾ।ਅਮਰੀਕਾ ’ਚ ਵੱਡੀ ਗਿਣਤੀ ਵਿੱਚ ਰਹਿੰਦੇ ਬਲੋਚ NRPs ਪਿਛਲੇ ਦੋ ਦਿਨਾਂ ਤੋਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇੱਕ ਬਿਲਬੋਰਡ ਮੁਹਿੰਮ ਰਾਹੀਂ ਅਪੀਲਾਂ ਕਰ ਰਹੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਬਲੋਚਿਸਤਾਨ ਵਿੱਚ ਲਗਾਤਾਰ ਲਾਪਤਾ ਹੋ ਰਹੇ ਲੋਕਾਂ ਬਾਰੇ ਪਤਾ ਲਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਟਰੰਪ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀ ਵਿੱਤੀ ਮਦਦ ਨਾ ਕੀਤੀ ਜਾਵੇ ਕਿਉਂਕਿ ਪਾਕਿਸਤਾਨੀ ਸਰਕਾਰ ਸਾਰਾ ਪੈਸਾ ਅੱਤਵਾਦ ਦੇ ਪੋਸ਼ਣ ਤੇ ਖ਼ਰਚ ਕਰਦੀ ਹੈ। ਦਰਅਸਲ, ਪਾਕਿਸਤਾਨੀ ਸੂਬੇ ਬਲੋਚਿਸਤਾਨ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਾਕਿਸਤਾਨ ਫ਼ੌਜ ਤੇ ਪੁਲਿਸ ਉਨ੍ਹਾਂ ਉੱਤੇ ਅਕਸਰ ਤਸ਼ੱਦਦ ਢਾਹੁੰਦੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਘਟਨਾਵਾਂ ਵਾਪਰਨਾ ਉੱਥੇ ਆਮ ਜਿਹੀ ਗੱਲ ਹੋ ਗਈ ਹੈ।