ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਡੈਮੋਕਰੇਟਿਕ ਉਮੀਦਵਾਰ ਜੋ ਬਾਇਡੇਨ ਤੇ ਉਨ੍ਹਾਂ ਨਾਲ ਮੈਦਾਨ 'ਚ ਉਤਰੀ ਕਮਲਾ ਹੈਰਿਸ ਨੂੰ ਜੇਤੂ ਐਲਾਨੇ ਜਾਣ ਤੋਂ ਬਾਅਦ ਤੋਂ ਹੀ ਜੰਮ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਉਥੇ ਹੀ ਸ਼ਨੀਵਾਰ ਰਾਤ ਭੀੜ ਨੂੰ ਹਟਾਉਣ ਲਈ ਪੁਲਿਸ ਨੇ ਕਾਲੀ ਮਿਰਚਾਂ ਦੀ ਸਪਰੇਅ ਦੀ ਵਰਤੋਂ ਕੀਤੀ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਸੜਕਾਂ 'ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਉਤਰ ਆਏ ਤੇ ਉਨ੍ਹਾਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਸਮਰਥਕਾਂ ਨਾਲ ਪੁਲਿਸ ਦੀ ਝੜਪ ਵੀ ਹੋਈ ਹੈ।
ਦੱਸ ਦਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਟਰੰਪ ਇਨ੍ਹਾਂ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਅਤੇ ਚੋਣਾਂ ਵਿੱਚ ਧੋਖਾਧੜੀ ਦਾ ਦੋਸ਼ ਲਗਾ ਰਹੇ ਹਨ। ਵਾਸ਼ਿੰਗਟਨ ਵਿੱਚ ਟਰੰਪ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਕਈ ਥਾਵਾਂ 'ਤੇ ਝੜਪ ਵੀ ਹੋਈਆਂ।
ਬਲੈਕ ਲਿਵਜ਼ ਮੈਟਰ ਅਤੇ ਐਂਟੀਫਾ ਵਰਗੀਆਂ ਸੰਸਥਾਵਾਂ ਨਾਲ ਜੁੜੇ ਲੋਕ ਵੀ ਵ੍ਹਾਈਟ ਹਾਊਸ ਤੋਂ ਕੁਝ ਦੂਰੀ 'ਤੇ ਇਕੱਠੇ ਹੋਏ। ਉਨ੍ਹਾਂ ਨੂੰ ਟਰੰਪ ਦੇ ਸਮਰਥਕਾਂ ਨੇ ਵੀ ਕੁੱਟਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਇਥੇ ਮਿਰਚ ਪਾਊਡਰ ਦਾ ਛਿੜਕਾਅ ਵੀ ਕੀਤਾ ਹੈ।