ਪੰਜਾਬ

punjab

By

Published : Oct 5, 2020, 4:26 PM IST

ETV Bharat / international

ਟਰੰਪ ਦੇ ਹਸਪਤਾਲ 'ਚ ਦਾਖ਼ਲ ਹੋਣ ਦੌਰਾਨ ਪੇਂਸ ਨੇ ਸੰਭਾਲੀ ਪ੍ਰਚਾਰ ਮੁਹਿੰਮ

ਅਮਰੀਕੀ ਚੋਣਾਂ ਦੇ ਮੱਦੇਨਜ਼ਰ ਕੋਰੋਨਾ ਵਾਈਰਸ ਤੋਂ ਪੀੜਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਸਪਤਾਲ ਦਾਖ਼ਲ ਹੋਣ ਦੌਰਾਨ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਿਪਬਲਿਕ ਪਾਰਟੀ ਦੇ ਮੁੱਖ ਪ੍ਰਚਾਰਕ ਵੱਜੋਂ ਕਮਾਂਡ ਸੰਭਾਲੀ ਲਈ ਹੈ। ਉਪ ਰਾਸ਼ਟਰਪਤੀ ਸੋਮਵਾਰ ਨੂੰ ਯੂਟਾ ਦੇ ਦੌਰੇ 'ਤੇ ਜਾਣਗੇ।

ਟਰੰਪ ਦੇ ਹਸਪਤਾਲ 'ਚ ਦਾਖ਼ਲ ਹੋਣ ਦੌਰਾਨ ਪੇਂਸ ਨੇ ਸੰਭਾਲੀ ਪ੍ਰਚਾਰ ਮੁਹਿੰਮ
ਟਰੰਪ ਦੇ ਹਸਪਤਾਲ 'ਚ ਦਾਖ਼ਲ ਹੋਣ ਦੌਰਾਨ ਪੇਂਸ ਨੇ ਸੰਭਾਲੀ ਪ੍ਰਚਾਰ ਮੁਹਿੰਮ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ ਮਹਿਜ਼ 29 ਦਿਨ ਦੂਰ ਹਨ। ਅਜਿਹੇ ਵਿੱਚ ਕੋਰੋਨਾ ਵਾਈਰਸ ਤੋਂ ਪੀੜਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਸਪਤਾਲ ਦਾਖ਼ਲ ਹੋਣ ਦੌਰਾਨ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਰਿਪਬਲਿਕ ਪਾਰਟੀ ਦੇ ਮੁੱਖ ਪ੍ਰਚਾਰਕ ਵੱਜੋਂ ਕਮਾਂਡ ਸੰਭਾਲ ਲਈ ਹੈ।

ਹਾਲਾਂਕਿ, ਡਾਕਟਰਾਂ ਨੇ ਕਿਹਾ ਹੈ ਕਿ ਟਰੰਪ ਨੂੰ ਸੋਮਵਾਰ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਸਕਦੀ ਹੈ, ਪਰ ਉਹ ਨਿੱਜੀ ਰੂਪ ਵਿੱਚ ਚੋਣ ਮੁਹਿੰਮ ਰੈਲੀਆਂ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਇਸ ਲਈ, ਪੇਂਸ ਹੁਣ ਟਰੰਪ ਨੂੰ ਮੁੜ ਤੋਂ ਕੁਰਸੀ 'ਤੇ ਕਾਬਜ਼ ਕਰਨ ਲਈ ਲਾਂਚ ਕੀਤੇ ਗਏ 'ਅਪ੍ਰੇਸ਼ਨ ਮਾਗਾ' (ਮੇਕ ਅਮਰੀਕਾ ਗ੍ਰੇਟ ਅਗੇਨ) ਪਹਿਲ ਅਧੀਨ ਪ੍ਰਚਾਰ ਕਰਨਗੇ, ਜੋ ਕਿ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇਸੇ ਮਹੀਨੇ ਹੋਣ ਵਾਲੇ ਨਿੱਜੀ ਅਤੇ ਆਨਲਾਈਨ ਪ੍ਰੋਗਰਾਮਾਂ ਦੀ ਇੱਕ ਲੜੀ ਹੈ।

ਇੱਕ ਸੀਨੀਅਰ ਕੈਂਪੇਨ ਸਲਾਹਕਾਰ ਜੇਸਨ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਉਨ੍ਹਾਂ ਕੋਲ ਇੱਕ ਬਹੁਤ ਹੀ ਹਮਲਾਵਰ ਪ੍ਰਚਾਰ ਪ੍ਰੋਗਰਾਮ ਹੋਵੇਗਾ। ਉਪ ਰਾਸ਼ਟਰਪਤੀ ਸੋਮਵਾਰ ਨੂੰ ਯੂਟਾ ਦੇ ਦੌਰੇ 'ਤੇ ਜਾਣਗੇ। ਉਹ ਵੀਰਵਾਰ ਨੂੰ ਐਰੀਜ਼ੋਨਆ ਵਿੱਚ 'ਮੇਕ ਅਮਰੀਕਾ ਗ੍ਰੇਟ ਅਗੇਨ' ਰੈਲੀ ਵਿੱਚ ਭਾਗ ਲੈਣਗੇ। ਪੇਂਸ ਲਈ ਇਹ ਇੱਕ ਵੱਡੀ ਰੈਲੀ ਹੋਵੇਗੀ, ਜਿਨ੍ਹਾਂ ਨੇ ਹੁਣ ਤੱਕ ਸਿਰਫ਼ ਜ਼ਿਆਦਾਤਰ ਛੋਟੇ ਸਮੂਹਾਂ ਨੂੰ ਹੀ ਸੰਬੋਧਿਤ ਕੀਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਲਰ ਨੇ ਕਿਹਾ ਕਿ ਪੇਂਸ ਨੂੰ ਟਰੰਪ ਪਰਿਵਾਰ ਦੇ ਮੈਂਬਰਾਂ ਡੋਨਲਡ ਜੂਨੀਅਰ ਅਤੇ ਐਰਿਕ ਅਤੇ ਇਵਾਂਕਾ ਦਾ ਸਮਰਥਨ ਹੋਵੇਗਾ। ਐਰਿਕ ਟਰੰਪ ਨੇ ਪਿਛਲੇ ਮਹੀਨੇ ਅਟਲਾਂਟਾ ਵਿੱਚ ਰਾਸ਼ਟਰਪਤੀ ਦੇ ਭਾਰਤੀ ਸਮਰਥਕਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਸੀ।

ਪੇਂਸ ਲਈ ਸਭ ਤੋਂ ਮਹੱਤਵਪੂਰਨ ਚੁਨੌਤੀ ਬੁੱਧਵਾਰ ਨੂੰ ਹੋਵੇਗੀ, ਜਦੋਂ ਉਹ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਨਾਲ ਬਹਿਸ ਕਰਨਗੇ, ਜਿਥੇ ਕੋਵਿਡ-19 ਸੰਕਟ 'ਤੇ ਟਰੰਪ ਪ੍ਰਸ਼ਾਸਨ ਦੀਆਂ ਪ੍ਰਤੀਕਿਰਿਆਵਾਂ ਬਾਰੇ ਸਵਾਲ ਕੀਤੇ ਜਾਣਗੇ।

ਜਦੋਂ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਵਿਚਕਾਰ ਬਹਿਸ ਹੋਈ ਸੀ ਤਾਂ ਬਹਿਸ ਵਿੱਚ ਟਰੰਪ ਦਾ ਗਰਮ ਸੁਭਾਅ ਅਤੇ ਬਾਈਡਨ ਦਾ ਨਰਮ ਰੁਖ਼ ਵਿਖਾਈ ਦਿੱਤਾ ਸੀ, ਪਰ ਮਾਮਲਾ ਇਥੇ ਉਲਟ ਹੈ, ਜਿਥੇ ਕਮਲਾ ਹੈਰਿਸ ਬਹਿਸ ਵਿੱਚ ਮਾਹਰ ਹੈ, ਉਥੇ ਪੇਂਸ ਦਾ ਸੁਭਾਅ ਨਰਮ ਹੈ।

ਜੇਕਰ ਟਰੰਪ 15 ਅਤੇ 22 ਅਕਤੂਬਰ ਨੂੰ ਹੋਣ ਵਾਲੀ ਬਾਈਡਨ ਦੇ ਨਾਲ ਅਗਲੀਆਂ ਦੋ ਬਹਿਸਾਂ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਬੁੱਧਵਾਰ ਨੂੰ ਦੋਵਾਂ ਦੀ ਮੁਹਿੰਮ ਦਾ ਆਖ਼ਰੀ ਟਕਰਾਅ ਹੋਵੇਗਾ। ਟਰੰਪ ਦੀ ਸਿਹਤ ਨੇ ਚਿੰਤਾ ਵਧਾ ਦਿੱਤੀ ਹੈ। ਡਾਕਟਰ ਸ਼ਾਨ ਕਾਰਨਲੇ ਅਨੁਸਾਰ, ਇਲਾਜ ਦੌਰਾਨ ਦੋ ਵਾਰੀ ਰਾਸ਼ਟਰਪਤੀ ਦਾ ਆਕਸੀਜਨ ਪੱਧਰ ਡਿਗਿਆ। ਇਸ ਦੌਰਾਨ ਟਰੰਪ ਖ਼ੁਦ ਨੂੰ ਚੁਸਤ-ਫ਼ੁਰਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਡਾਕਟਰਾਂ ਨੇ ਕਿਹਾ ਹੈ ਕਿ ਉਹ ਵਾਸ਼ਿੰਗਟਨ ਵਿੱਚ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਪ੍ਰੈਸੀਡੈਂਸ਼ੀਅਲ ਸੂਟ ਵਿੱਚ ਘੁੰਮ ਰਹੇ ਸਨ ਅਤੇ ਕੁੱਝ ਜ਼ਰੂਰੀ ਕੰਮਾਂ ਦੀ ਦੇਖਰੇਖ ਕਰ ਰਹੇ ਸਨ। ਟਰੰਪ ਐਤਵਾਰ ਨੂੰ ਸ਼ਾਮ ਸਮੇਂ ਹਸਪਤਾਲ ਦੇ ਬਾਹਰ ਇਕੱਤਰ ਸਮਰਥਕਾਂ ਨੂੰ ਮਿਲਣ ਲਈ ਕੁੱਝ ਸਮਾਂ ਬਾਹਰ ਨਿਕਲੇ।

ਬਾਹਰ ਆਉਣ ਤੋਂ ਪਹਿਲਾਂ, ਉਨ੍ਹਾਂ ਨੇ ਵੀਡੀਓ ਟਵੀਟ ਵੀ ਕੀਤਾ, ''ਮੈਂ ਕੋਵਿਡ-19 ਬਾਰੇ ਬਹੁਤ ਕੁੱਝ ਸਿੱਖਿਆ ਹੈ। ਇਹ ਅਸਲੀ ਸਕੂਲ ਹੈ। ਇਹ ਇੱਕ ਬਹੁਤ ਹੀ ਰੌਚਕ ਗੱਲ ਹੈ, ਜਿਹੜੀ ਮੈਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਿਹਾ ਹਾਂ।''

ਇਹ ਵਿਖਾਉਣ ਲਈ ਕਿ ਟਰੰਪ ਕੰਮ ਕਰ ਰਹੇ ਹਨ, ਵਾਈਟ ਹਾਊਸ ਨੇ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿੱਚ ਟਰੰਪ ਕਾਨਫ਼ਰੰਸ ਮੇਜ਼ 'ਤੇ ਫੋਨ ਨਾਲ ਨਜ਼ਰ ਆ ਰਹੇ ਹਨ, ਇਸ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪੇਂਸ, ਵਿਦੇਸ਼ ਮਤਰੀ ਮਾਈਕ ਪੋਮਪਿਉ ਅਤੇ ਜੁਆਇੰਟ ਆਫ਼ ਸਟਾਕ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨਾਲ ਗੱਲਬਾਤ ਕੀਤੀ।

ABOUT THE AUTHOR

...view details