ਨਵੀਂ ਦਿੱਲੀ: ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਪਾਕਿਸਤਾਨ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਉਨ੍ਹਾਂ ਦਾ ਸਾਥ ਦੇਵੇ ਅਤੇ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰੇ।
ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਇਹ ਵੱਡੇ ਪੱਧਰ ਦੀ ਮੀਟਿੰਗ ਹੈ। ਇਸ ਦੌਰਾਨ ਗੋਖਲੇ ਅਤੇ ਪੋਂਪਿਓ ਨੇ ਵਿਦੇਸ਼ ਨੀਤੀ ਅਤੇ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇਸ ਨਾਲ ਸਹਿਮਤ ਹੋਏ ਹਨ ਕਿ ਪਾਕਿਸਤਾਨ ਅੱਤਵਾਦੀ ਢਾਂਚੇ ਨੂੰ ਤਬਾਹ ਕਰੇ ਅਤੇ ਆਪਣੀ ਜ਼ਮੀਨ 'ਤੇ ਅਜਿਹੇ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ।
ਜ਼ਿਕਰਯੋਗ ਹੈ ਕਿ ਭਾਰਤ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਕੋਲ ਵਿਸ਼ਵ ਪੱਧਰ 'ਤੇ ਅੱਤਵਾਦੀ ਐਲਾਨੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਵਿਦੇਸ਼ ਸਕੱਤਰ ਗੋਖਲੇ ਅਮਰੀਕਾ ਦੀ ਯਾਤਰਾ 'ਤੇ ਹਨ।
ਦੱਸਣਾ ਬਣਦਾ ਹੈ ਕਿ ਗੋਖਲੇ ਅਤੇ ਪੋਂਪੀਓ ਦੇ ਗੱਲਬਾਤ ਕਰਨ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਅਮਰੀਕੀ ਰਾਸ਼ਟਰੀ ਸਲਾਹਕਾਰ ਜਾਨ ਬੋਲਟਨ ਨਾਲ ਫ਼ੋਨ ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇ ਤਣਾਅ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਸੀ।