ਵਾਸ਼ਿੰਗਟਨ: ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਉਪ ਰਾਸ਼ਟਰਪਤੀ ਲਈ ਡੈਮੋਕਰੇਟਿਕ ਉਮੀਦਵਾਰੀ ਸਵੀਕਾਰ ਕਰਦਿਆਂ ਪਾਰਟੀ ਦੀ ਮੁੱਖ ਟਿਕਟ ਉੱਤੇ ਪਹਿਲੀ ਅਸ਼ਵੇਤ ਮਹਿਲਾ ਵਜੋਂ ਇਤਿਹਾਸ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਕਮਲਾ ਹੈਰਿਸ ਅਤੇ ਜੋ ਬਿਡੇਨ ਨੇ ਨਸਲੀ ਅਤੇ ਪੱਖਪਾਤ ਦੇ ਵਿਤਕਰੇ ਨਾਲ ਪੀੜਤ ਇੱਕ ਦੇਸ਼ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।
ਵਰਚੁਅਲ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੀ ਤੀਜੀ ਰਾਤ ਨੂੰ ਸੰਬੋਧਨ ਕਰਨ ਦੌਰਾਨ ਆਪਣੀ ਮਾਂ ਨੂੰ ਯਾਦ ਕਰਦਿਆਂ ਕਮਲਾ ਹੈਰਿਸ ਭਾਵੁਕ ਹੋ ਗਈ। ਹੈਰਿਸ ਨੇ ਕਿਹਾ ਕਿ ਮੇਰੀ ਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਉਪ ਰਾਸ਼ਟਰਪਤੀ ਲਈ ਉਮੀਦਵਾਰ ਹੋਵੇਗੀ।
ਕਮਲਾ ਹੈਰਿਸ ਨੇ ਪਾਰਟੀ ਨੂੰ ਕਿਹਾ, "ਮੈਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਤੁਹਾਡੀ ਉਪ-ਰਾਸ਼ਟਰਪਤੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦੀ ਹਾਂ।" ਹੈਰਿਸ ਨੇ ਕਿਹਾ ਕਿ ਉਸ ਦੀ ਸਵਰਗੀ ਮਾਂ ਨੇ ਉਸ ਨੂੰ ਲੋਕਾਂ ਦੀ ਸੇਵਾ ਕਰਨਾ ਸਿਖਾਇਆ ਸੀ। ਉਸ ਨੇ ਕਿਹਾ ਕਿ ਕਾਸ਼ ਮੇਰੀ ਮਾਂ ਅੱਜ ਮੌਜੂਦ ਹੁੰਦੀ ਪਰ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਆਸਮਾਨ ਤੋਂ ਦੇਖੇਗੀ।