ਨਵੀਂ ਦਿੱਲੀ: ਇਸ ਵਾਰ ਦੀਆਂ ਚੋਣਾਂ ’ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮੱਤ ਨਾ ਮਿਲਣ ਦੀ ਆਸ ਬਣੀ ਹੋਈ ਹੈ ਪਰ ਲਿਬਰਲ ਸਭ ਤੋਂ ਵੱਡੀ ਪਾਰਟੀ ਵਜੋਂ ਜ਼ਰੂਰ ਉੱਭਰ ਰਹੀ ਹੈ। ਬਹੁਮੱਤ ਹਾਸਲ ਕਰਨ ਲਈ ਲਿਬਰਲ ਪਾਰਟੀ ਨੂੰ 170 ਸੀਟਾਂ ਦੀ ਜ਼ਰੂਰਤ ਹੈ ਪਰ ਤਾਜ਼ਾ ਰੁਝਾਨਾਂ ਮੁਤਾਬਕ ਟਰੂਡੋ ਜੀ ਪਾਰਟੀ 156 ਸੀਟਾਂ 'ਤੇ ਕਾਬਜ਼ ਨਜ਼ਰ ਆ ਰਹੀ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਪੂਰਬੀ ਸੂਬਿਆਂ ਵਿੱਚ ਕੁਝ ਸੀਟਾਂ ਦੇ ਨੁਕਸਾਨ ਦੇ ਬਾਵਜੂਦ, ਲਿਬਰਲ ਪਾਰਟੀ ਪਾਰਲੀਮੈਂਟ ਦੀਆਂ ਜ਼ਿਆਦਾ ਸੀਟਾਂ 'ਤੇ ਜਿੱਤ ਹਾਸਿਲ ਕਰੇਗੀ ਅਤੇ ਮੁੜ ਸਰਕਾਰ ਬਣਾਏਗੀ। ਪਿਛਲੀਆਂ ਆਮ ਚੋਣਾਂ ਵਿੱਚ ਟਰੂਡੋ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਸੀਟਾਂ ਦੀ ਗਿਣਤੀ ਘਟਣ ਕਾਰਨ ਉਨ੍ਹਾਂ ਨੂੰ ਹੋਰ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਾ ਪਏਗਾ। ਅਜਿਹੇ ਹਾਲਾਤ ਵਿੱਚ ਜਗਮੀਤ ਸਿੰਘ ਦੀ NDP ਅਹਿਮ ਭੂਮਿਕਾ ਨਿਭਾ ਸਕਦੀ ਹੈ।
NDP ਮੁਖੀ ਜਗਮੀਤ ਸਿੰਘ ਨੇ ਹਾਸਲ ਕੀਤੀ ਜਿੱਤ
ਹਾਲਾਂਕਿ ਨਿਊ ਡੈਮੋਕ੍ਰੈਟਿਕ ਪਾਰਟੀ (NDP) ਨੂੰ ਕਾਫ਼ੀ ਸੀਟਾਂ ਦਾ ਨੁਕਸਾਨ ਹੋਇਆ ਹੈ ਪਰ NDP ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਸੂਬੇ ਓਨਟਾਰੀਓ ਦੇ ਬਰਨਾਬੀ-ਦੱਖਣੀ ਸੰਸਦੀ ਹਲਕੇ ਤੋਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਗ਼ੈਰ-ਗੋਰੇ ਮੁਖੀ ਹਨ। ਉਹ ਸਾਲ 2017 ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚੁਣੇ ਗਏ ਸਨ।
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਕੁੱਲ 338 ਸੰਸਦੀ ਸੀਟਾਂ ਹਨ। ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ ਇੱਕ 170 ਹੈ ਜੋ ਤਾਜ਼ਾ ਨਤੀਜਿਆਂ 'ਚ ਕਿਸੇ ਪਾਰਟੀ ਨੂੰ ਪ੍ਰਾਪਤ ਨਹੀਂ ਹੋਇਆ। ਪਰ ਇਹ ਸਪਸ਼ਟ ਹੈ ਕਿ ਜਸਟਿਨ ਟਰੂਡੋ ਦੁਬਾਰਾ ਤੋਂ ਪ੍ਰਧਾਨ ਮੰਤਰੀ ਦੀ ਸੀਟ 'ਤੇ ਕਾਬਜ਼ ਹੋਣਗੇ।
ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਤੋਂ ਹੀ ਲਿਬਰਲ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਹਿ ਚੁੱਕੇ ਹਨ। ਇਸ ਤਰ੍ਹਾਂ ਇੱਕ ਇਤਿਹਾਸ ਰਚਦਿਆਂ ਪਹਿਲੀ ਵਾਰ ਲਿਬਰਲ ਪਾਰਟੀ ਦੂਜੀ ਪਾਰੀ ਜਿੱਤ ਕੇ ਸੱਤਾ ਵਿੱਚ ਆਏਗੀ।