ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਦੇਸ਼ ਦਾ ਲਾਪਰਵਾਹੀ ਵਾਲਾ ਰਵੱਈਆ ਬਿਲਕੁਲ ਅਣਉਚਿਤ ਹੈ।
ਬਿਡੇਨ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਰਾਸ਼ਟਰਪਤੀ ਦੀ ਜਰੂਰਤ ਨਹੀਂ ਹੈ ਜੋ ਅਮਰੀਕੀ ਲੋਕਾਂ ਨੂੰ ਨਜ਼ਰ ਅੰਦਾਜ਼ ਕਰੇ ਅਤੇ ਉਨ੍ਹਾਂ ਨੂੰ ਆਪਣੇ ਤੋਂ ਘਟੀਆ ਸਮਝੇ। ਬਿਡੇਨ ਨੇ ਸ਼ੁੱਕਰਵਾਰ ਨੂੰ ਨੇਵਾਡਾ ਵਿੱਚ ਲਾਸ ਵੇਗਾਸ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਸਮਝਦਾ ਹੋਵੇ ਕਿ ਲੋਕ ਕਿਸ ਦੌਰ ਵਿੱਚ ਗੁਜਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜੋ ਇਹ ਸਮਝਦਾ ਹੈ ਕਿ ਤੁਸੀਂ ਕਿਸ ਸਥਿਤੀ ਵਿੱਚ ਹੋ ਅਤੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਤੁਹਾਨੂੰ ਅਜਿਹੇ ਰਾਸ਼ਟਰਪਤੀ ਦੀ ਜ਼ਰੂਰਤ ਨਹੀਂ ਹੈ ਜੋ ਤੁਹਾਨੂੰ ਨਜ਼ਰ ਅੰਦਾਜ਼ ਕਰੇ, ਤੁਹਾਨੂੰ ਨੀਵਾਂ ਸਮਝੇ, ਜੋ ਸਾਨੂੰ ਸਮਝਦਾ ਹੀ ਨਾ ਹੋਵੇ। ਟਰੰਪ ਅਜਿਹੇ ਹੀ ਰਾਸ਼ਟਰਪਤੀ ਹਨ।
ਬਿਡੇਨ ਨੇ ਕਿਹਾ ਕਿ ਸੰਕਰਮਿਤ ਪਾਏ ਜਾਣ ਬਾਅਦ ਉਨ੍ਹਾਂ ਦਾ ਲਾਪਰਵਾਹੀ ਵਾਲਾ ਰਵੱਈਆ ਅਤੇ ਸਾਡੀ ਸਰਕਾਰ ਉੱਤੇ ਇਸ ਦਾ ਅਸਥਿਰ ਪ੍ਰਭਾਵ ਪੂਰੀ ਤਰ੍ਹਾਂ ਨਾਜਾਇਜ਼ ਹੈ। ਉਨ੍ਹਾਂ ਨੇ ਆਪਣੀ ਅਤੇ ਦੂਜਿਆਂ ਦੀ ਰੱਖਿਆ ਲਈ ਲੋੜੀਂਦੀਆਂ ਸਾਵਧਾਨੀ ਨਹੀਂ ਵਰਤੀ। ਡੋਨਾਲਡ ਟਰੰਪ ਜਿੰਨਾ ਸਮਾਂ ਰਾਸ਼ਟਰਪਤੀ ਰਹਿਣਗੇ , ਉਨਾਂ ਹੀ ਹੋਰ ਲਾਪਰਵਾਹੀ ਵਾਲੇ ਹੁੰਦੇ ਜਾਣਗੇ।
ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਦੀ ਲਾਪ੍ਰਵਾਹੀ ਕਾਰਨ ਬੇਰੁਜ਼ਗਾਰੀ ਦੀ ਦਰ ਵਧੀ ਹੈ। ਬਿਡੇਨ ਨੇ ਕਿਹਾ ਕਿ ਟਰੰਪ ਦੀ ਅਗਵਾਈ ਵਾਲਾ ਪ੍ਰਸ਼ਾਸਨ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਮੱਧ ਵਰਗ ਅਤੇ ਬਾਕੀ ਲੋਕਾਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਟਰੰਪ (74) ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਰਾਸ਼ਟਰਪਤੀ ਚਾਰ ਦਿਨਾਂ ਤੱਕ ਫ਼ੌਜੀ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਸੋਮਵਾਰ ਨੂੰ ਵਾਈਟ ਹਾਊਸ ਪਰਤੇ।
ਵਾਈਟ ਹਾਊਸ ਦੇ ਡਾਕਟਰ ਡਾ. ਸੀਨ ਕੌਨਲੀ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਸ਼ਨੀਵਾਰ ਤੋਂ ਜਨਤਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰ ਸਕਦੇ ਹਨ।