ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਆਪਣੀ ਪਤਨੀ ਜਿਲ ਬਾਈਡਨ ਦਾ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਦੇਸ਼ ਦੀ ਅਗਲੀ ਪ੍ਰਥਮ ਮਹਿਲਾ ਬਣਨ ਜਾ ਰਹੀ ਜਿਲ ਦਾ ਧਿਆਨ ਵਿਸ਼ੇਸ਼ ਤੌਰ ’ਤੇ ਸਿੱਖਿਆ ਉੱਪਰ ਹੈ। ਇਸ ਲਈ ਸਿੱਖਿਆ ਸਬੰਧੀ ਯੋਜਨਾ ਦੇ ਖੇਤਰ ’ਚ ਮਾਹਿਰ ਮਾਲਾ ਅਡਿਗਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ।
ਬਾਈਡਨ ਨੇ ਭਾਰਤੀ-ਅਮਰੀਕੀ ਮਾਲਾ ਅਡਿਗਾ ਨੂੰ ਦਿੱਤਾ ਆਪਣੀ ਪਤਨੀ ਜਿਲ ਦੀ ਟੀਮ ’ਚ ਅਹਿਮ ਅਹੁਦਾ
ਅਮਰੀਕਾ ਦੀ ਰਾਜਨੀਤੀ ’ਚ ਭਾਰਤੀਆਂ ਦਾ ਦਬਦਬਾ ਲਗਤਾਰ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤ-ਅਮਰੀਕੀ ਦੀ ਮਾਲਾ ਅਡਿਗਾ ਨੂੰ ਆਪਣੀ ਪਤਨੀ ਜਿਲ ਬਾਇਡਨ ਦਾ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਜਾਣੋ, ਕੌਣ ਹੈ ਮਾਲਾ ਅਡਿਗਾ
ਅਡਿਗਾ ਜੋਅ ਬਾਈਡਨ ਦੀ 2020 ਪ੍ਰਚਾਰ ਮੁਹਿੰਮ ਦੀ ਵਿਸ਼ੇਸ਼ ਨੀਤੀ ਸਲਾਹਕਾਰ ਅਤੇ ਜਿਲ ਦੀ ਪ੍ਰਮੁੱਖ ਸਲਾਹਕਾਰ ਸੀ। ਉਨ੍ਹਾਂ ਨੇ ਪਹਿਲਾਂ ਸਿੱਖਿਆ ਅਤੇ ਫੌਜੀ ਪਰਿਵਾਰਾਂ ਦੇ ਨਿਰਦੇਸ਼ਕ ਦੇ ਤੌਰ ’ਤੇ ਬਾਈਡਨ ਫ਼ਾਊਂਡੇਸ਼ਨ ਲਈ ਵੀ ਕੰਮ ਕੀਤਾ ਹੈ। ਉਹ ਇਸ ਤੋਂ ਪਹਿਲਾਂ ਓਬਾਮਾ ਦੇ ਕਾਰਜਕਾਲ ਦੌਰਾਨ ਬਿਓਰੋ ਆਫ਼ ਐਜੂਕੇਸ਼ਨਲ ਅਤੇ ਕਲਚਰ ’ਚ ਅਕਾਦਮਿਕ ਪ੍ਰੋਗਰਾਮਾਂ ਦੇ ਲਈ ਵਿਦੇਸ਼ ਮੰਤਰਾਲੇ ’ਚ ਬਤੌਰ ਉਪ-ਸਹਾਇਕ ਸਕੱਤਰ ਰਹੇ ਹਨ ਅਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਆਫ਼ਿਸ ਆਫ਼ ਗਲੋਬਲ ਵੁਮੈਨਜ਼ ਇਸ਼ੂਜ਼ ਵਿੱਚ ਚੀਫ਼ ਆਫ਼ ਸਟਾਫ਼ ਅਤੇ ਵਿਸ਼ੇਸ਼ ਦੂਤ ਦੀ ਪ੍ਰਮੁੱਖ ਸਲਾਹਕਾਰ ਦੇ ਤੌਰ ’ਤੇ ਵੀ ਜ਼ਿੰਮੇਵਾਰੀ ਨਿਭਾਈ ਹੈ।
ਸੀਐੱਨਐੱਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਲਾ ਅਡਿਗਾ ਅਗਲੀ ਪ੍ਰਥਮ ਮਹਿਲਾ ਜਿਲ ਬਾਈਡਨ ਦੀ ਨੀਤੀ ਨਿਰਦੇਸ਼ਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਈਡਨ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਰਹੀ ਲੁਇਸਾ ਟੇਰੇਲ ਨੂੰ ਵਾਈ੍ਹਟ ਹਾਊਸ ਦੇ ਵਿਧਾਨਕ ਮਾਮਲਿਆਂ ਦੇ ਵਿਭਾਗ ਦਾ ਨਿਰਦੇਸ਼ਕ ਨਿਯੁਕਤ ਕੀਤਾ ਜਾਵੇਗਾ। ਓਬਾਮਾ ਕਾਰਜਕਾਲ ਦੌਰਾਨ ਜਿਲ ਬਾਈਡਨ ਦੇ ਸਮਾਜਿਕ ਸਕੱਤਰ ਰਹੇ ਕਾਰਲੋਸ ਏਲਿਜੋਂਦੋ ਵਾਈ੍ਹਟ ਹਾਊਸ ਦੇ ਸਮਾਜਿਕ ਸਕੱਤਰ ਹੋਣਗੇ। ਰਾਜਦੂਤ ਕੈਥੀ ਰਸੈਲ ਨੂੰ ਵਾਈ੍ਹਟ ਹਾਊਸ ਦਫ਼ਤਰ ’ਚ ਰਾਸ਼ਟਰਪਤੀ ਦੇ ਪਰਸੋਨਲ ਮਾਮਲਿਆਂ ਦਾ ਨਿਰਦੇਸ਼ਕ ਬਣਾਇਆ ਜਾਵੇਗਾ।