ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੁੜ ਤੋਂ ਕਸ਼ਮੀਰ ਮਾਮਲੇ ਵਿੱਚ ਵਿਚੋਲਗੀ ਕਰਨ ਦੀ ਪੇਸ਼ਕਸ਼ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸਾਨੂੰ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦੀ ਮੁਲਾਕਾਤ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।"
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਹ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਿਚੋਲਗੀ ਕਰਨ ਲਈ ਤਿਆਰ ਹਨ, ਪਰ ਦੋਵਾਂ ਧਿਰਾਂ ਨੂੰ ਇਸ ‘ਤੇ ਸਹਿਮਤ ਹੋਣਾ ਪਵੇਗਾ।
ਸੰਯੁਕਤ ਰਾਸ਼ਟਰ ਮਹਾਸਭਾ ਤੋਂ ਵੱਖ ਟਰੰਪ ਨੇ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਲੰਬੇ ਸਮੇਂ ਤੋਂ ਚਲ ਰਹੇ ਕਸ਼ਮੀਰ ਮੁੱਦੇ ਨੂੰ ਇਕ 'ਗੁੰਝਲਦਾਰ' ਮਾਮਲਾ ਦੱਸਦਿਆਂ ਉਨ੍ਹਾਂ ਕਿਹਾ, "ਜੇ ਮੈਂ ਮਦਦ ਕਰ ਸਕਦਾ ਹਾਂ ਤਾਂ ਮੈਂ ਜ਼ਰੂਰ ਮਦਦ ਕਰਾਂਗਾ।" ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਇਹ ਬਿਆਨ ਹਿਉਸਟਨ ਵਿੱਚ ‘ਹਾਓਡੀ ਮੋਦੀ’ ਰੈਲੀ ਵਿੱਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਆਇਆ ਹੈ। ਟਰੰਪ ਨੇ ਕਿਹਾ ਕਿ ਜੇਕਰ ਦੋਵੇਂ (ਪਾਕਿਸਤਾਨ ਅਤੇ ਭਾਰਤ) ਚਾਹੁੰਦੇ ਹਨ ਤਾਂ ਮੈਂ ਅਜਿਹਾ ਕਰਨ ਲਈ ਤਿਆਰ ਹਾਂ।
ਮੌਸਮ ਵਿੱਚ ਤਬਦੀਲੀ ਲਈ ਰੋਡਮੈਪ ਨਾਲ ਆਏ ਹਾਂ ਅਸੀਂ : ਪੀਐੱਮ ਮੋਦੀ
ਦੱਸਣਯੋਗ ਹੈ ਕਿ ਹਿਉਸਟਨ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸਟੇਜ ਸਾਂਝੀ ਕੀਤੀ ਅਤੇ ਅੱਤਵਾਦ ਵਿਰੁੱਧ ਲੜਾਈ 'ਤੇ ਕਰੀਬੀ ਦੋਸਤੀ ਜ਼ਾਹਿਰ ਕੀਤੀ ਸੀ। ਟਰੰਪ ਨੇ ਇਮਰਾਨ ਖ਼ਾਨ ਦੀ ਮੌਜੂਦਗੀ ਵਿੱਚ ‘ਹਾਓਡੀ ਮੋਦੀ’ ਮਹਾਰੈਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ‘ਬਹੁਤ ਹਮਲਾਵਰ ਬਿਆਨ’ ਸੁਣਿਆ ਹੈ। ਟਰੰਪ ਨੇ ਹਿਉਸਟਨ ਦੇ ਐਨਆਰਜੀ ਸਟੇਡੀਅਮ ਵਿੱਚ 50,000 ਲੋਕਾਂ ਦੇ ਇਕੱਠ ਦਾ ਜ਼ਿਕਰ ਕਰਦਿਆਂ ਕਿਹਾ, "ਇਸ ਨੂੰ ਉਥੇ ਬਹੁਤ ਚੰਗਾ ਸਮਰਥਨ ਮਿਲਿਆ।"
ਐਤਵਾਰ ਨੂੰ ਇਕ ਰੈਲੀ ਵਿੱਚ ਪੀਐੱਮ ਮੋਦੀ ਨੇ ਅੱਤਵਾਦ ਵਿਰੁੱਧ ‘ਫੈਸਲਾਕੁੰਨ ਲੜਾਈ’ ਦਾ ਸੱਦਾ ਦਿੰਦਿਆਂ ਅੱਤਵਾਦ ਦਾ ਸਮਰਥਨ ਕਰਨ ‘ਤੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਰਤ ਵੱਲੋਂ ਧਾਰਾ 370 ਰੱਦ ਕਰਨ ਦਾ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ, ਜਿਨ੍ਹਾਂ ਤੋਂ ਆਪਣਾ ਦੇਸ਼ ਨਹੀਂ ਸੰਭਾਲ ਹੋ ਰਿਹਾ।
ਖ਼ਾਨ ਨਾਲ ਮੀਡੀਆ ਗੱਲਬਾਤ ਦੌਰਾਨ ਟਰੰਪ ਨੇ ਵਾਰ-ਵਾਰ ਪਾਕਿਸਤਾਨੀ ਪੱਤਰਕਾਰਾਂ ਨੂੰ ਝਿੜਕਿਆ ਅਤੇ ਇੱਕ ਵਾਰ ਇੱਕ ਪੱਤਰਕਾਰ ਨੂੰ ਇਹ ਪੁੱਛਿਆ, "ਕੀ ਉਹ ਪਾਕਿਸਤਾਨੀ ਵਫ਼ਦ ਦਾ ਹਿੱਸਾ ਹੈ ਜਾਂ ਨਹੀਂ।"
ਕਸ਼ਮੀਰ ਬਾਰੇ ਪਾਕਿਸਤਾਨੀ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ, ਟਰੰਪ ਨੇ ਖ਼ਾਨ ਨੂੰ ਪੁੱਛਿਆ, "ਤੁਹਾਨੂੰ ਇਨ੍ਹਾਂ ਵਰਗੇ ਪੱਤਰਕਾਰ ਕਿੱਥੋਂ ਮਿਲਦੇ ਹਨ?" ਆਪਣੇ ਆਪ ਨੂੰ ਕਸ਼ਮੀਰੀਆਂ ਦਾ ਰਾਜਦੂਤ ਘੋਸ਼ਿਤ ਕਰਨ ਵਾਲੇ ਖ਼ਾਨ ਨੇ ਐਤਵਾਰ ਨੂੰ ਅਮਰੀਕੀ ਸੰਸਦ ਮੈਂਬਰਾਂ, ਵਿਦਵਾਨਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਮੀਡੀਆ ਨੂੰ ਭਾਰਤ ਵੱਲੋਂ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਦੇ ਨਤੀਜਿਆਂ ਬਾਰੇ ਦੱਸਿਆ ਸੀ।