ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਦਾ ਟੀਕਾ ਲੱਭ ਲਿਆ ਜਾਵੇਗਾ। ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿੱਚ, ਉਨ੍ਹਾਂ ਕਿਹਾ, ‘ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਡੇ ਕੋਲ ਕੋਰੋਨਾ ਵਾਇਰਸ ਦਾ ਟੀਕਾ ਹੋਵੇਗਾ।'
ਟਰੰਪ ਨੇ ਇਹ ਵੀ ਕਿਹਾ ਕਿ ਉਹ ਸਤੰਬਰ ਵਿੱਚ ਸਕੂਲ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਅਪੀਲ ਕਰਨਗੇ। ਉਹ ਚਾਹੁੰਦੇ ਹਨ ਕਿ ਬੱਚੇ ਸਕੂਲ-ਯੂਨੀਵਰਸਿਟੀ ਵਿੱਚ ਜਾਣ।
ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਟੀਕਾ ਬਣਾਉਣ ਵਿੱਚ ਜੁੱਟੇ ਹੋਏ ਹਨ। ਟੀਕੇ ਦਾ ਟਰਾਇਲ ਕਈ ਦੇਸ਼ਾਂ ਵਿੱਚ ਕੀਤਾ ਵੀ ਜਾ ਚੁੱਕਿਆ ਹੈ। ਅਮਰੀਕਾ ਵੀ ਟੀਕੇ ਦਾ ਟਰਾਇਲ ਕਰ ਚੁੱਕਾ ਹੈ।
ਡੋਨਾਲਡ ਟਰੰਪ ਨੇ ਕਿਹਾ ਕਿ ਉਹ ਖੁਸ਼ ਹੋਣਗੇ, ਜੇਕਰ ਕੋਈ ਹੋਰ ਦੇਸ਼ ਵੀ ਕੋਰੋਨਾ ਲਈ ਟੀਕਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ, 'ਮੈਨੂੰ ਪਰਵਾਹ ਨਹੀਂ ਕਿ ਇਹ ਟੀਕਾ ਕੌਣ ਤਿਆਰ ਕਰੇਗਾ। ਮੈਂਨੂੰ ਸਿਰਫ ਟੀਕਾ ਚਾਹੀਦਾ ਹੈ, ਜੋ ਕੰਮ ਕਰੇ।'
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ ਲਗਭਗ ਇਕ ਤਿਹਾਈ ਮਰੀਜ਼ ਅਮਰੀਕਾ ਵਿੱਚ ਹਨ। ਇਥੇ ਕੋਰੋਨਾ ਤੋਂ 11 ਲੱਖ 60 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 29,744 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,691 ਨਵੇਂ ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ, 36,007 ਨਵੇਂ ਕੇਸ ਆਏ ਸਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਕੇਰਲ ਦੀਆਂ ਬੱਚੀਆਂ ਨੇ ਦਾਨ ਕੀਤੇ ਆਪਣੇ ਗੁੱਲਕ ਦੀ ਬੱਚਤ ਦੇ ਪੈਸੇ