ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੁਆਰਾ ਡਰੋਨ ਹਮਲੇ ਵਿੱਚ ਮਾਰੇ ਗਏ ਈਰਾਨੀ ਜਨਰਲ ਕਾਸੀਮ ਸੁਲੇਮਾਨੀ ਨਵੀਂ ਦਿੱਲੀ ਤੋਂ ਲੰਡਨ ਤੱਕ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।
ਟਰੰਪ ਨੇ ਹਾਲਾਂਕਿ ਸੁਲੇਮਾਨੀ ਦੇ ਹਮਲੇ ਬਾਰੇ ਸਪੱਸ਼ਟ ਤੌਰ ‘ਤੇ ਕੁੱਝ ਨਹੀਂ ਕਿਹਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਰੰਪ ਸ਼ਾਇਦ 2012 ਦੀ ਘਟਨਾ ਦਾ ਜ਼ਿਕਰ ਕਰ ਰਹੇ ਸਨ ਜਿਸ ਵਿੱਚ ਇੱਕ ਇਜ਼ਰਾਈਲੀ ਡਿਪਲੋਮੈਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿੱਚ ਤੇਲ ਯੇਹੂਸ਼ੁਆ ਨਾਂਅ ਦੀ ਇੱਕ ਔਰਤ ਜ਼ਖਮੀ ਹੋ ਗਈ ਸੀ। ਹਮਲਾ ਕਾਰ 'ਤੇ ਕੀਤਾ ਗਿਆ ਸੀ ਅਤੇ ਕਾਰ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ ਸੀ। ਕਾਰ ਵਿੱਚ ਚੁੰਬਕ ਦੀ ਵਰਤੋਂ ਨਾਲ ਬੰਬ ਫਿੱਟ ਕੀਤਾ ਗਿਆ ਸੀ।
ਦੱਸ ਦਈਏ ਕਿ ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਈਰਾਨ ਦੇ ਸ਼ਕਤੀਸ਼ਾਲੀ ਰੈਵੋਲਿਊਸ਼ਨਰੀ ਗਾਰਡਾਂ ਦੇ ਕਮਾਂਡਰ ਜਨਰਲ ਕਾਸੀਮ ਸੁਲੇਮਾਨੀ ਨੂੰ ਮਾਰਨ ਦਾ ਫੈਸਲਾ ਬਚਾਅ ਵਾਲਾ ਸੀ ਅਤੇ ਇਹ ਭਵਿੱਖ ਵਿੱਚ ਖੂਨ ਖਰਾਬਾ ਰੋਕਣ ਲਈ ਲਿਆ ਗਿਆ ਸੀ।
ਬ੍ਰਾਇਨ ਨੇ ਦੋਸ਼ ਲਾਇਆ, "ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕਰ ਰਹੇ ਸੁਲੇਮਾਨੀ ਇਰਾਕ ਦਮਿਸ਼ਕ ਤੋਂ ਆਏ ਸਨ, ਜਿਥੇ ਉਹ ਅਮਰੀਕੀ ਸੈਨਿਕਾਂ ਅਤੇ ਡਿਪਲੋਮੈਟਾਂ ਉੱਤੇ ਹਮਲਾ ਕਰਨ ਦੀ ਸਾਜਿਸ਼ ਰਚ ਰਿਹਾ ਸੀ।"