ਕੇਨਫੀਲਡ: ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਉਸ ਦੇ ਪਿਤਾ ਨੇ ਜਿਹੜੇ ਵਾਅਦੇ ਕੀਤੇ ਸਨ, ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੇ ਦਿੱਤਾ ਹੈ। ਇਵਾਂਕਾ ਨੇ ਆਪਣੇ ਪਿਤਾ ਨੂੰ ਇੱਕ ਯੋਧਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੋਰ ਚਾਰ ਸਾਲਾਂ ਲਈ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿਣਾ ਚਾਹੀਦਾ ਹੈ।
ਓਹਾਇਓ ਵਿੱਚ ਸ਼ਨੀਵਾਰ ਨੂੰ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਇਵਾਂਕਾ ਨੇ ਕਿਹਾ ਕਿ ਟਰੰਪ ਲੰਘੇ ਚਾਰ ਸਾਲਾਂ ਵਿੱਚ ਅਮਰੀਕਾ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਗਏ, ਸਾਬਕਾ ਰਾਸ਼ਟਰਪਤੀਆਂ ਅਤੇ ਸਿਆਸੀ ਅਗਵਾਈ ਹੇਠ ਲੰਘੇ ਕਈ ਦਹਾਕਿਆਂ ਦੀਆਂ ਗ਼ਲਤੀਆਂ ਨੂੰ ਉਨ੍ਹਾਂ ਨੇ ਸੁਧਾਰਿਆ ਹੈ।
'ਯੋਧਾ ਦੀ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰਤ'
ਉਨ੍ਹਾਂ ਕਿਹਾ ਕਿ ਇਸ ਸਮੇਂ ਅਮਰੀਕਾ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਯੋਧਾ ਦੀ ਪਹਿਲਾਂ ਨਾਲੋਂ ਵੱਧ ਜ਼ਰੂਰਤ ਹੈ। ਮੇਰੇ ਪਿਤਾ ਸਾਡੇ ਵਿੱਚੋਂ ਹਰ ਇੱਕ ਲਈ ਹਰ ਦਿਨ ਮਜ਼ਬੂਤੀ ਨਾਲ ਲੜਾਈ ਲੜਦੇ ਹਨ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਉਨ੍ਹਾਂ ਲਈ ਲੜੀਏ, ਇਸ ਦੇਸ਼ ਦੇ ਭਵਿੱਖ ਲਈ ਲੜੀਏ।