ਹਾਰ ਮੰਨਣ ਨੂੰ ਤਿਆਰ ਨਹੀਂ ਟਰੰਪ, ਹੁਣ ਚੁੱਕਿਆ ਵੱਡਾ ਕਦਮ
ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਐਲਾਨ ਕੀਤਾ ਹੈ। ਚੋਣ ਅਧਿਕਾਰੀ ਵੱਲੋਂ ਪਿਛਲੇ ਦਿਨੀਂ ਚੋਣਾਂ 'ਚ ਗੜਬੜੀ ਤੇ ਮਤਦਾਨ 'ਚ ਧੋਖਾਧੜੀ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਹਾਰ ਹੋ ਜਾਣ ਮਗਰੋਂ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਦੇ ਲਈ ਤਿਆਰ ਨਹੀਂ ਹਨ। ਇਸੇ ਦਰਮਿਆਨ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਐਲਾਨ ਕੀਤਾ ਹੈ।
ਚੋਣ ਅਧਿਕਾਰੀ ਵੱਲੋਂ ਪਿਛਲੇ ਦਿਨੀਂ ਚੋਣਾਂ 'ਚ ਗੜਬੜੀ ਤੇ ਮਤਦਾਨ 'ਚ ਧੋਖਾਧੜੀ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਟਰੰਪ ਨੇ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਐਲਾਨ ਟਵਿੱਟਰ 'ਤੇ ਕੀਤਾ। ਇੱਕ ਹਫ਼ਤਾ ਪਹਿਲਾਂ ਰੱਖਿਆ ਮੰਤਰੀ ਮਾਰਕ ਏਸਪਰ ਨੂੰ ਹਟਾਉਣ ਦੀ ਜਾਣਕਾਰੀ ਵੀ ਉਨ੍ਹਾਂ ਮਾਈਕ੍ਰੋ ਬਲਾਗਿੰਗ ਸਾਈਟ 'ਤੇ ਹੀ ਦਿੱਤੀ ਸੀ।
ਬਰਖ਼ਾਸਤੀ ਦੇ ਬਾਵਜੂਦ ਕ੍ਰਿਸ ਕ੍ਰੇਬਸ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਟਰੰਪ ਦੇ ਉਨ੍ਹਾਂ ਦੋਸ਼ਾਂ 'ਤੇ ਫਿਰ ਤੋਂ ਨਿਸ਼ਾਨਾ ਲਾਇਆ ਜਿਸ 'ਚ ਕਿਹਾ ਗਿਆ ਸੀ ਕਿ ਕੁਝ ਸੂਬਿਆਂ 'ਚ ਜੋਅ ਬਾਇਡਨ ਦੇ ਪੱਖ 'ਚ ਵੋਟ ਦਿੱਤੇ ਗਏ। ਕ੍ਰਿਸ ਕ੍ਰੇਬਸ ਨੇ ਟਵੀਟ ਕੀਤਾ ਕਿ ਚੋਣ ਪ੍ਰਕਿਰਿਆ ਨਾਲ ਛੇੜਛਾੜ ਦੇ ਦੋਸ਼ਾਂ ਬਾਰੇ 59 ਚੋਣ ਸੁਰੱਖਿਆ ਮਾਹਿਰਾਂ ਦੀ ਇੱਕ ਰਾਇ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਹਰ ਮਾਮਲੇ 'ਚ ਜਿਨ੍ਹਾਂ ਦੀ ਜਾਣਕਾਰੀ ਹੈ, ਉਹ ਦਾਅਵੇ ਆਧਾਰਹੀਣ ਹਨ। ਕ੍ਰਿਸ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ 'ਚ ਸ਼ਾਮਲ ਸਨ ਜਿਨ੍ਹਾਂ ਨੇ ਪਿਛਲੇ ਹਫ਼ਤੇ ਅਮਰੀਕਾ ਦੀ ਚੋਣ ਨੂੰ ਅਮਰੀਕੀ ਇਤਿਹਾਸ 'ਚ ਸਭ ਤੋਂ ਸੁਰੱਖਿਅਤ ਚੋਣ ਦੱਸਿਆ ਸੀ।
ਟਰੰਪ ਨੇ ਕਿਹਾ, 'ਹੋਮਲੈਂਡ ਸਕਿਓਰਿਟੀ ਵਿਭਾਗ 'ਚ ਸਾਈਬਰ ਸਕਿਓਰਿਟੀ ਐਂਡ ਇਨਫ੍ਰਾਸਟਰਕਚਰ ਸਕਿਓਰਿਟੀ ਏਜੰਸੀ (ਸਿਸਾ) ਦੇ ਪ੍ਰਧਾਨ ਕ੍ਰਿਸ ਕ੍ਰੇਬਸ ਨੇ ਮਤਦਾਨ ਤੇ ਅਮਰੀਕੀ ਚੋਣਾਂ ਬਾਰੇ ਬੇਹੱਦ ਭੇਦਪੂਰਨ ਟਿੱਪਣੀ ਕੀਤੀ ਸੀ, ਇਸ ਕਾਰਨ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ।'