ਨਿਊ ਯਾਰਕ: ਦੁਨੀਆ ਭਰ ਵਿੱਚ ਮਨੁੱਖੀ ਲਾਸ਼ਾਂ ਬਿਛਾ ਰਿਹਾ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਹੀ ਇਸ ਨੇ ਸਭ ਤੋਂ ਵਧ ਜਕੜਿਆ ਹੋਇਆ ਹੈ। ਤਾਜ਼ਾ ਵੱਡੀ ਖ਼ਬਰ ਇਹ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਸਾਢੇ ਤਿੰਨ ਲੱਖ ਦੇ ਕਰੀਬ ਲੋਕ ਇਸ ਵਾਇਰਸ ਨਾਲ ਪੀੜਤ ਹਨ।
ਅਮਰੀਕਾ ਦਾ ਨਿਊ ਯਾਰਕ ਸੂਬਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਜਿਥੇ ਹੁਣ ਤੱਕ 4758 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਵਿੱਚ ਮੌਤਾਂ ਦੀ ਗਿਣਤੀ 208 ਹੋ ਗਈ ਹੈ। ਅਮਰੀਕਾ ਦੇ ਸਰਜਨ ਜਰਨਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਹਫ਼ਤਾ ਬਹੁਤ ਹੀ ਮੁਸ਼ਕਿਲਾਂ ਭਰਿਆ ਲੰਘਣ ਵਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰੇ ਰਹਿਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਅਮਰੀਕੀ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਨੂੰ ਵਧਾਉਣਾ ਹੈ ਜਾਂ ਇਸ ਰੁਝਾਣ ਨੂੰ ਇਥੇ ਹੀ ਰੋਕਣਾ ਹੈ।