ਨਿਊ ਯਾਰਕ: ਮੁੱਕੇਬਾਜ਼ੀ ਦੇ ਸਾਬਕਾ ਚੈਂਪੀਅਨ ਫਲਾਇਡ ਮੇਅਵੇਦਰ ਨੇ ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਸੇਵਾਵਾਂ ਲਈ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਪਰਿਵਾਰ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।
ਪਰਮੋਸ਼ਨਜ਼ ਦੇ ਸੀਈਓ ਲਿਓਨਾਰਡ ਐੱਲੇਰਬ ਮੁਤਾਬਕ ਮੇਅਵੇਦਰ ਨਿੱਜੀ ਤੌਰ 'ਤੇ ਪਰਿਵਾਰ ਨਾਲ ਸੰਪਰਕ ਵਿੱਚ ਰਿਹਾ ਹੈ। ਉਹ 9 ਜੂਨ ਨੂੰ ਫਲੋਇਡ ਦੇ ਗ੍ਰਹਿ ਸ਼ਹਿਰ ਹਿਊਸਟਨ ਵਿੱਚ ਅੰਤਿਮ ਸੰਸਕਾਰ ਦੇ ਖ਼ਰਚਿਆਂ ਦੇ ਨਾਲ-ਨਾਲ ਹੋਰ ਖ਼ਰਚਿਆਂ ਨੂੰ ਵੀ ਸੰਭਾਲੇਗਾ।
ਦੱਸ ਦਈਏ ਕਿ ਫਲਾਇਡ ਅਫਰੀਕੀ-ਅਮਰੀਕੀ ਸੀ, ਜਿਸ ਨੂੰ 25 ਮਈ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਗਲੇ 'ਤੇ ਗੋਡਾ ਰੱਖ ਕੇ ਮਾਰ ਦਿੱਤਾ ਗਿਆ ਸੀ। ਉਸ ਸਮੇਂ ਫਲਾਇਡ ਹਥਕੜੀ ਵਿੱਚ ਪੁਲਿਸ ਦੀ ਗ੍ਰਿਫ਼ਤ ਵਿੱਚ ਸੀ ਅਤੇ ਉਸ ਦੇ ਗਲੇ 'ਤੇ ਗੋਡਾ ਰੱਖਣ ਸਮੇਂ ਉਸ ਨੇ ਕਿਹਾ ਵੀ ਸੀ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਹੈ।
ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਨੇੜੇ ਪ੍ਰਦਰਸ਼ਨ ਮਗਰੋਂ ਵਾਸ਼ਿੰਗਟਨ 'ਚ ਲਾਇਆ ਕਰਫ਼ਿਊ
ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਰੰਗ ਦੇ ਆਧਾਰ 'ਤੇ ਵਿਤਕਰਾ ਹੋਣ ਸਬੰਧੀ ਲੋਕ ਸੜਕਾਂ 'ਤੇ ਉੱਤਰ ਆਏ। ਇਸ ਤੋਂ ਬਾਅਦ ਵਾਸ਼ਿੰਗਟਨ ਸਮੇਤ ਕਈ ਸ਼ਹਿਰਾਂ ਵਿੱਚ ਕਰਫ਼ਿਊ ਲਗਾਉਣਾ ਪਿਆ। ਇਹ ਵੀ ਦੱਸ ਦਈਏ ਕਿ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਨੇੜੇ ਵੀ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਯੂਐਸ ਸੀਕਰੇਟ ਸਰਵਿਸ ਦੇ ਏਜੰਟ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਦੇ ਬੰਕਰ ਵਿੱਚ ਲੈ ਗਏ ਸੀ।