ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ਦੇ ਦੋ ਅਹਿਮ ਅਹੁਦਿਆਂ ਲਈ ਭਾਰਤੀ ਮੂਲ ਅਮਰੀਕੀ ਡਾਕਟਰਾਂ ਨੂੰ ਨਾਮਜ਼ਦ ਕੀਤਾ ਹੈ। ਸਾਬਕਾ ਪੱਛਮੀ ਵਰਜੀਨੀਆ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਦਫਤਰ ਦੇ ਡਾਇਰੈਕਟਰ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ-ਅਮਰੀਕੀ ਸਰਜਨ ਅਤੇ ਮਸ਼ਹੂਰ ਲੇਖਕ ਅਤੁਲ ਗਾਵੰਡੇ ਨੂੰ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ (ਯੂਐਸਏਆਈਡੀ) ਵਿੱਚ ਇੱਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।
ਰਾਹੁਲ ਗੁਪਤਾ , ਜਿਨ੍ਹਾਂ ਨੇ 25 ਸਾਲਾਂ ਤੋਂ ਮੁੱਢਲੀ ਕੇਅਰ ਫਿਜ਼ੀਸ਼ੀਅਨ ਵਜੋਂ ਸੇਵਾ ਨਿਭਾਈ ਹੈ, ਉਨ੍ਹਾਂ ਨੇ ਦੋ ਰਾਜਪਾਲਾਂ ਅਧੀਨ ਪੱਛਮੀ ਵਰਜੀਨੀਆ ਦੇ ਸਿਹਤ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। ਸੂਬੇ ਦੇ ਮੁੱਖ ਸਿਹਤ ਅਧਿਕਾਰੀ ਹੋਣ ਦੇ ਨਾਤੇ, ਉਨ੍ਹਾਂ ਨੇ 'ਓਪੀਓਡੀ' ਸੰਕਟ ਪ੍ਰਤੀਕ੍ਰਿਆ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਅਤੇ ਜਨਤਕ ਸਿਹਤ ਦੀਆਂ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ।