ਤਹਿਰਾਨ: ਈਰਾਨ ਦੀ ਰਾਜਧਾਨੀ ਤਹਿਰਾਨ 'ਚ ਯੁਕਰੇਨ ਦੇ ਹਾਦਸਾਗ੍ਰਸਤ ਜਹਾਜ਼ 'ਚ ਕੈਨੇਡਾ ਦੇ 63 ਵਿਅਕਤੀ ਮਾਰੇ ਗਏ ਹਨ। ਇਸ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦਾ ਜਵਾਬ ਜ਼ਰੂਰ ਲੈਣਗੇ।
ਜਸਟਿਨ ਟਰੂ਼ਡੋ ਨੇ ਦੱਸਿਆ ਕਿ ਜਹਾਜ਼ 'ਚ ਕੈਨੇਡਾ ਨਾਲ ਸਬੰਧ ਰੱਖਣ ਵਾਲੇ 138 ਮੁਸਾਫ਼ਿਰ ਸਵਾਰ ਸਨ ਜਿਨ੍ਹਾਂ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਇੱਕ ਨਵਾਂ ਵਿਆਹਾਂ ਜੋੜਾ ਤੇ ਚਾਰ ਮੈਂਬਰਾਂ ਦਾ ਇੱਕ ਪਰਿਵਾਰ ਵੀ ਸ਼ਾਮਲ ਸੀ।
ਯੁਕਰੇਨ ਵੱਲੋਂ ਜਾਰੀ ਸੂਚੀ ਮੁਤਾਬਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਈਰਾਨ ਦੇ 82, ਕੈਨੇਡਾ ਦੇ 63, ਯੂਕਰੇਨ ਦੇ 2+9 (ਕਰੂ ਮੈਂਬਰ), ਸਵੀਡਨ ਦੇ 10, ਅਫ਼ਗਾਨਿਸਤਾਨ ਦੇ 4, ਜਰਮਨੀ ਦੇ 3 ਤੇ ਯੂਕੇ ਦੇ 3 ਵਿਅਕਤੀ ਸ਼ਾਮਲ ਹਨ।
ਘਟਨਾ ਦੇ ਸਮੇਂ ਜਹਾਜ਼ ਲਗਪਗ 7900 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨਾ ਸੀ। ਹਾਲਾਂਕਿ, ਇਸ ਨੂੰ 6:12 ਵਜੇ ਹਰੀ ਝੰਡੀ ਦਿੱਤੀ ਗਈ। ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵੱਲੋਂ ਏਟੀਆਈਐਸ ਨੂੰ ਡਾਟਾ ਮਿਲਣਾ ਬੰਦ ਹੋ ਗਿਆ।
ਦੱਸ ਦਈਏ ਕਿ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਯੁਕਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ 'ਚ 180 ਲੋਕ ਸਵਾਰ ਸੀ। ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਤਹਿਰਾਨ ਏਅਰਪੋਰਟ ਦੇ ਇਮਾਮ ਖਮੇਨੀ ਹਵਾਈ ਅੱਡੇ ਨੇੜੇ ਵਾਪਰੀ।