ਲੰਡਨ: ਕੋਵਿਡ-19 ਮਹਾਂਮਾਰੀ ਦੇ ਇਲਾਜ ਦੇ ਮਾਮਲੇ ਵਿਚ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ ਟਰਾਇਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਸਪਤਾਲ ਵਿੱਚ ਭਰਤੀ ਕੋਵਿਡ-19 ਦੇ ਮਰੀਜ਼ਾਂ ਲਈ ਸਧਾਰਣ ਸਟੀਰੌਇਡ ਡੇਕਸਾਮੇਥਾਸੋਨ ਵਰਦਾਨ ਸਾਬਿਤ ਹੋ ਰਿਹਾ ਹੈ।
ਇੱਥੋਂ ਤਕ ਕਿ ਸੰਕਰਮਣ ਦੇ ਸਭ ਤੋਂ ਗੰਭੀਰ ਮਾਮਲਿਆਂ ਵਿੱਚ, ਮੌਤ ਦੀ ਦਰ ਇੱਕ ਤਿਹਾਈ ਤੱਕ ਘੱਟ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਿਰੁੱਧ ਇਹ ਇੱਕ ਵੱਡੀ ਸਫਲਤਾ ਹੈ। ਕਲੀਨਿਕਲ ਟਰਾਇਲ ਯੂਕੇ ਦੀ ਅਗਵਾਈ ਵਾਲੇ ਵਿਗਿਆਨੀਆਂ ਨੇ ਇਸ ਨੂੰ ਰਿਕਵਰੀ ਨਾਂਅ ਦਿੱਤਾ ਹੈ।
ਖੋਜਕਰਤਾਵਾਂ ਦੇ ਅਨੁਸਾਰ, ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਪਹਿਲ ਦੇ ਅਧਾਰ ਉੱਤੇ ਇਸ ਦਵਾਈ ਨੂੰ ਹਸਪਤਾਲ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਕਲੀਨਿਕਲ ਟਰਾਇਲ ਦੀ ਅਗਵਾਈ ਕਰ ਰਹੇ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਲੈਂਡਰੇ ਨੇ ਕਿਹਾ, "ਇਹ ਇਕ ਨਤੀਜਾ ਹੈ ਜੋ ਇਹ ਦਰਸਾਉਂਦਾ ਹੈ ਕਿ ਕੋਵਿਡ-19 ਦੇ ਮਰੀਜ਼ ਜੋ ਵੈਂਟੀਲੇਟਰ ਜਾਂ ਆਕਸੀਜਨ ਉੱਤੇ ਹੁੰਦੇ ਹਨ, ਨੂੰ ਡੇਕਸਾਮੇਥਾਸੋਨ ਦਿੱਤਾ ਜਾਂਦਾ ਹੈ ਤਾਂ ਇਹ ਮਰੀਜ਼ ਦੀ ਜਾਨ ਬਚਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਇਹ ਸਟੀਰੌਇਡ ਕਾਫੀ ਸਸਤਾ ਹੈ।"
ਉਸ ਦੇ ਸਹਿਯੋਗੀ ਪੀਟਰ ਹੋਰਬੀ ਮੁਤਾਬਕ, ਡੇਕਸਾਮੇਥਾਸੋਨ ਇੱਕ ਆਮ ਸਟੀਰੌਇਡ ਹੈ ਜੋ ਕਿ ਸੋਜਸ਼ ਨੂੰ ਘਟਾਉਣ ਲਈ ਹੋਰ ਬਿਮਾਰੀਆਂ ਵਿੱਚ ਵਿਆਪਕ ਤੌਰ ਉੱਤੇ ਵਰਤਿਆ ਜਾਂਦਾ ਹੈ। ਇਹ ਇਕੋ ਇਕ ਡਰੱਗ ਹੈ ਜਿਸ ਨੇ ਹੁਣ ਤਕ ਮੌਤ ਦਰ ਨੂੰ ਘਟਾ ਦਿੱਤਾ ਹੈ। ਹੋਰਬੀ ਨੇ ਇਸ ਨੂੰ ਇਕ ਵੱਡੀ ਸਫਲਤਾ ਦੱਸਿਆ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਮੰਗਲਵਾਰ ਨੂੰ ਕਿਹਾ ਕਿ ਬ੍ਰਿਟੇਨ ਨੇ ਤੁਰੰਤ ਕੋਰੋਨਾ ਪੀੜਤਾਂ ਨੂੰ ਡੇਕਸਾਮੇਥਾਸੋਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਯੂਕੇ ਨੇ ਤਿੰਨ ਮਹੀਨੇ ਪਹਿਲਾਂ ਦਵਾਈ ਦੀ ਸੰਭਾਵਨਾ ਦਾ ਮੁਆਇਨਾ ਕਰਨ ਤੋਂ ਬਾਅਦ ਵੱਡੇ ਪੱਧਰ ਉੱਤੇ ਡਰੱਗ ਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, "ਕਿਉਂਕਿ ਅਸੀਂ ਪਹਿਲਾਂ ਹੀ ਡੇਕਸੈਮੇਥਾਸੋਨ ਦੀ ਸੰਭਾਵਨਾ ਦੀ ਪਰਖ ਕੀਤੀ ਸੀ, ਅਸੀਂ ਇਸ ਨੂੰ ਮਾਰਚ ਤੋਂ ਸਟੋਕ ਕਰ ਰਹੇ ਹਾਂ।"