ਵਾਸ਼ਿੰਗਟਨ: ਭਾਰਤ-ਚੀਨ ਦੇ ਵਿਚਕਾਰ ਚੱਲ ਰਹੇ ਤਣਾਅ ਵਿਚਾਲੇ ਅਮਰੀਕਾ ਨੇ ਇਕ ਵਾਰ ਮੁੜ ਚੀਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਅਮਰੀਕਾ ਨੇ ਕਿਹਾ ਕਿ ਚੀਨ ਨੇ ਭਾਰਤ ਵਿਰੁੱਧ ਨਿਰੰਤਰ ਹਮਲਾਵਰ ਰੁੱਖ ਅਪਣਾਇਆ ਹੋਇਆ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸੱਕਤਰ ਮੈਕਨੇਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਤੋਂ ਕਿਹਾ, "ਖੇਤਰ ਵਿਚ ਭਾਰਤ ਸਣੇ ਦੂਜੇ ਦੇਸ਼ਾਂ ਪ੍ਰਤੀ ਚੀਨ ਦਾ ਰਵੱਈਆ ਉਸ ਦੀ ਕਮਿਊਨਿਸਟ ਪਾਰਟੀ ਵਾਲੀ ਸੱਤਾ ਦਾ ਅਸਲੀ ਚਿਹਰਾ ਹੈ।"
ਮੈਕਨੇਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਵਿਵਾਦ ਅਤੇ ਤਣਾਅ ਦੇ ਵਿਚਕਾਰ ਅਮਰੀਕਾ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੋਈ ਸ਼ਾਂਤਮਈ ਹੱਲ ਨਿਕਲ ਜਾਵੇ।
ਦੱਸ ਦਈਏ ਕਿ ਪਿਛਲੇ 7 ਹਫ਼ਤਿਆਂ ਤੋਂ ਪੂਰਬੀ ਲਦਾਖ ਦੇ ਕਈ ਹਿੱਸਿਆਂ ਵਿੱਚ ਭਾਰਤੀ ਅਤੇ ਚੀਨੀ ਸੈਨਾ ਦੇ ਜਵਾਨ ਆਹਮੋ-ਸਾਹਮਣੇ ਆ ਗਏ ਸਨ। ਇਸ ਤੋਂ ਬਾਅਦ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋ ਗਈ ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ ਚੀਨੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਪਰ ਉਨ੍ਹਾਂ ਦੇ ਪੱਖ ਤੋਂ ਅਜੇ ਤੱਕ ਕੋਈ ਜਾਣਕਾਰੀ ਪ੍ਰਕਾਸ਼ਤ ਨਹੀਂ ਹੋਈ ਹੈ।