ਵਾਸ਼ਿੰਗਟਨ: ਚੀਨੀ ਵੀਡੀਓ ਐਪ ਟਿਕ-ਟੌਕ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਿਆ ਹੈ। ਰਾਸ਼ਟਰਪਤੀ ਟਰੰਪ ਨੇ ਚੀਨੀ ਐਪ ਦੇ ਖ਼ਤਰੇ ਸਬੰਧੀ ਵਿਚ ਇਕ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ 45 ਦਿਨਾਂ ਬਾਅਦ, ਅਮਰੀਕੀ ਅਧਿਕਾਰ ਖੇਤਰ ਵਿਚ ਟਿਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨਾਲ ਕਿਸੇ ਵੀ ਲੈਣ-ਦੇਣ 'ਤੇ ਰੋਕ ਲਗਾਈ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਚੀਨੀ ਐਪ ਟਿਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ ਦੇ ਕਾਰਜਕਾਰੀ ਹੁਕਮ ਉੱਤੇ ਦਸਤਖ਼ਤ ਕੀਤੇ ਹਨ। ਹੁਕਮ ਵਿਚ ਕਿਹਾ ਗਿਆ ਹੈ, "ਅਮਰੀਕਾ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਟਿਕ-ਟੌਕ ਦੇ ਮਾਲਕਾਂ ਖਿਲਾਫ ਹਮਲਾਵਰ ਕਾਰਵਾਈ ਕਰਨੀ ਚਾਹੀਦੀ ਹੈ।"
ਅੱਜ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ, "ਇਸ ਹੁਕਮ ਦੀ ਮਿਤੀ ਤੋਂ 45 ਦਿਨਾਂ ਬਾਅਦ ਸ਼ੁਰੂ ਹੋਣ ਵਾਲੀਆਂ ਹੇਠ ਲਿਖੀਆਂ ਕਾਰਵਾਈਆਂ ਨੂੰ ਵਰਜਿਤ ਕੀਤਾ ਜਾਵੇਗਾ, ਬਾਈਟਡਾਂਸ ਲਿਮਟਿਡ ਵਾਲੇ ਕਿਸੇ ਵੀ ਵਿਅਕਤੀ ਦੁਆਰਾ ਕਿਸੇ ਵੀ ਕਿਸਮ ਦੇ ਅਮਰੀਕਾ ਦੇ ਅਧਿਕਾਰ ਖੇਤਰ ਦੇ ਅਧੀਨ ਇੱਕ ਲੈਣ-ਦੇਣ, ਜਾਂ ਕਿਸੇ ਜਾਇਦਾਦ ਦੇ ਸਬੰਧ ਵਿੱਚ ਕੋਈ ਲੈਣ-ਦੇਣ ਨਹੀਂ ਹੋਵੇਗਾ।"
ਦੱਸ ਦਈਏ ਕਿ 4 ਅਗਸਤ ਨੂੰ ਚੀਨ ਨੇ ਯੂਐਸ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਸੀ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸਿੱਧ ਚੀਨੀ ਵੀਡੀਓ ਐਪ ਟਿਕ-ਟੌਕ 'ਤੇ ਲਗਾਤਾਰ ਦਬਾਅ ਬਣਾ ਰਹੇ ਸਨ। ਟਰੰਪ ਨੇ ਟਿਕ-ਟੌਕ ਨੂੰ ਆਪਣਾ ਪੂਰਾ ਕੰਮ ਅਮਰੀਕੀ ਕੰਪਨੀ ਨੂੰ ਵੇਚਣ ਲਈ ਕਿਹਾ ਸੀ। ਚੀਨ ਨੇ 4 ਅਗਸਤ ਨੂੰ ਇਸ ‘ਤੇ ਸਖਤ ਪ੍ਰਤੀਕਿਰਿਆ ਦਿੱਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਸੀ ਕਿ ਇਹ ਬਾਜ਼ਾਰ ਦੀ ਆਰਥਿਕਤਾ ਅਤੇ ਵਿਸ਼ਵ ਵਪਾਰ ਸੰਗਠਨ ਦੇ ਖੁੱਲ੍ਹੇਪਨ, ਪਾਰਦਰਸ਼ਤਾ ਅਤੇ ਗੈਰ-ਪੱਖਪਾਤ ਦੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ।