ਅਮਰੀਕਾ: ਕੋਰੋਨਾ ਵਾਇਰਸ ਦਾ ਖ਼ਤਰਾ ਵਧੇਰੇ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਵੱਧ ਹੈ। ਇਸ ਨੂੰ ਲੈ ਕੇ ਅਮਰੀਕਾ ਵਿੱਚ ਅਧਿਐਨ ਕੀਤਾ ਗਿਆ। ਹਾਵਰਡ ਟੀ.ਐਚ. ਚਾਨ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਾਰਾਂ ਨੇ ਕਿਹਾ ਕਿ ਅਧਿਐਨ ਵਿੱਚ ਸਭ ਤੋਂ ਲੰਬੀ ਮਿਆਦ ਤੱਕ ਹਵਾ ਵਿਚ ਰਹਿਣ ਵਾਲੇ ਸੂਖਮ ਪ੍ਰਦੂਸ਼ਣ ਕਣ (ਪੀ.ਐਮ. 2.5) ਤੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਣ ਮੌਤਾਂ ਦੇ ਵਿਚਾਲੇ ਦੇ ਸਬੰਧ ਬਾਰੇ ਜ਼ਿਕਰ ਕੀਤਾ ਗਿਆ ਹੈ।
ਸੂਖ਼ਮ ਪ੍ਰਦੂਸ਼ਕ ਕਣਾਂ ਕਾਰਨ ਵੱਧਦੈ ਖ਼ਦਸ਼ਾ
ਇਹ ਸੂਖਮ ਪ੍ਰਦੂਸ਼ਕ ਕਣ ਕਾਰਾਂ, ਰਿਫਾਇਨਰੀਆਂ ਤੇ ਬਿਜਲੀ ਪਲਾਂਟਾਂ ਵਿੱਚ ਊਰਜਾ ਬਾਲਣ ਨਾਲ ਵੱਡੇ ਪੈਮਾਨੇ 'ਤੇ ਪੈਦਾ ਹੁੰਦੇ ਹਨ। ਇਹ ਅਧਿਐਨ ਅਜੇ ਕਿਸੇ ਮੈਗੇਜ਼ੀਨ ਵਿੱਚ ਪ੍ਰਕਾਸ਼ਿਤ ਨਹੀਂ ਹੋਇਆ ਹੈ। ਇਸ ਵਿੱਚ ਅਮਰੀਕਾ ਦੀਆਂ 3000 ਤੋਂ ਵਧੇਰੇ ਕਾਊਂਟੀਆਂ 'ਤੇ ਗੌਰ ਕੀਤਾ ਗਿਆ ਹੈ ਤੇ ਇਸ ਵਿੱਚ ਸੂਖ਼ਮ ਪ੍ਰਦੂਸ਼ਕ ਕਣਾਂ ਦੇ ਪੱਧਰ ਦੀ ਤੁਲਨਾ ਹਰੇਕ ਖੇਤਰ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ ਨਾਲ ਕੀਤੀ ਗਈ ਹੈ।