ਮੋਗਾਦਿਸ਼ੁ : ਸੋਮਾਲੀਆ ਦੀ ਰਾਜਧਾਨੀ 'ਚ ਸ਼ਨੀਵਾਰ ਸਵੇਰੇ ਇੱਕ ਸੁਰੱਖਿਆ ਜਾਂਚ ਚੌਕੀ 'ਤੇ ਹੋਏ ਟਰੱਕ ਬੰਬ ਧਮਾਕੇ 'ਚ 76 ਲੋਕਾਂ ਦੇ ਮਾਰੇ ਜਾਣ ਦੀ ਸਾਹਮਣੇ ਆਈ ਖ਼ਬਰ ਹੈ। ਇਹ ਹਮਲਾ ਬਿਤੇ ਕੁਝ ਸਾਲਾਂ ਦੌਰਾਨ ਮੋਗਾਦਿਸ਼ੁ ਵਿੱਚ ਹੋਏ ਸਭ ਤੋਂ ਭਿਆਨਕ ਹਮਲਿਆਂ ਵਿੱਚੋਂ ਇੱਕ ਹੈ।
ਇਸ ਧਮਾਕੇ ਨੂੰ ਵੇਖਣ ਵਾਲੇ ਪ੍ਰਤੱਖ ਦ੍ਰਸ਼ੀ ਲੋਕਾਂ ਨੇ ਕਿਹਾ ਕਿ ਇਸ ਧਮਾਕੇ ਨੁੂੰ ਵੇਖ ਕੇ ਉਨ੍ਹਾਂ ਨੂੰ ਸਾਲ 2017 ਵਿੱਚ ਹੋਏ ਧਮਾਕੇ ਦੀ ਯਾਦ ਆ ਗਈ, ਜਿਸ 'ਚ ਸੈਂਕੜੇ ਲੋਕ ਮਾਰੇ ਗਏ ਸਨ। ਇਸ ਬਾਰੇ ਸਰਕਾਰੀ ਬੁਲਾਰੇ ਇਸਮਾਇਲ ਮੁਖ਼ਤਾਰ ਨੇ ਆਪਣੇ ਬਿਆਨ 'ਚ ਕਿਹਾ ਕਿ ਇਸ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਲੋਕ ਹਸਪਤਾਲਾਂ 'ਚ ਦਾਖਲ ਹਨ।
ਮਦੀਨਾ ਹਸਪਤਾਲ ਦੇ ਡਾਇਰੈਕਟਰ ਡਾ. ਮੁਹੰਮਦ ਯੂਸਫ ਨੇ ਜਾਣਕਾਰੀ ਦਿੱਤੀ ਕਿ 73 ਲਾਸ਼ਾਂ ਹਸਪਤਾਲ ਪਹੁੰਚਾਇਆਂ ਗਈਆਂ ਹਨ। ਆਮੀਨ ਐਂਬੂਲੈਂਸ ਸਰਵਿਸ ਦੇ ਡਾਇਰੈਕਟਰ ਅਬੇਦੀਕਾਦਿਰ ਅਬਦਿਰਾਹਮਾਨ ਨੇ ਜ਼ਖਮੀਆਂ ਦੀ ਗਿਣਤੀ 50 ਤੋਂ ਵੱਧ ਹੋਣ ਦੀ ਖ਼ਬਰ ਦਿੱਤੀ ਹੈ। ਇਸ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਵਿਚੋਂ ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਸਨ ਜੋ ਕਿ ਆਪਣੀ ਕਲਾਸਾਂ ਲਈ ਨਿਕਲੇ ਸਨ । ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ 'ਚ ਦੋ ਤੁਰਕੀ ਨਾਗਰਿਕ ਵੀ ਸ਼ਾਮਲ ਹਨ।