ਘਾਨਾ: ਘਾਨਾ ਵਿੱਚ ਇੱਕ ਜ਼ਬਰਦਸਤ ਧਮਾਕੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 59 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਅਤੇ ਇੱਕ ਚਸ਼ਮਦੀਦ ਦੇ ਮੁਤਾਬਿਕ ਘਾਨਾ ਵਿੱਚ ਵੀਰਵਾਰ ਨੂੰ ਇੱਕ ਮੋਟਰਸਾਈਕਲ ਅਤੇ ਵਿਸਫੋਟਕਾਂ ਨਾਲ ਭਰੇ ਇੱਕ ਟਰੱਕ ਦੀ ਟੱਕਰ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ।
ਇਸ ਭਿਆਨਕ ਹਾਦਸੇ 'ਚ 17 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਕਾਰਨ ਪੱਛਮੀ ਘਾਨਾ (Western Ghana) ਦਾ ਇਕ ਛੋਟਾ ਜਿਹਾ ਕਸਬਾ ਐਪੀਏਟ (Apiate) ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਦੱਸ ਦਈਏ ਕਿ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ 'ਚ ਕੰਮ ਕਰ ਰਹੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਧਮਾਕੇ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ, ਜਿਸ ਕਾਰਨ ਕਈ ਲੋਕ ਅਤੇ ਜਾਨਵਰ ਮਲਬੇ 'ਚ ਫਸ ਗਏ ਹਨ।
ਧਮਾਕੇ ’ਚ 17 ਲੋਕਾਂ ਦੀ ਮੌਤ
ਪੁਲਿਸ ਨੇ ਕਿਹਾ ਕਿ ਜ਼ਿਆਦਾਤਰ ਪੀੜਤਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਮਰਜੈਂਸੀ ਸੇਵਾ ਕਰਮਚਾਰੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਨੇ ਘਾਨਾ ਨੈਸ਼ਨਲ ਫਾਇਰ ਸਰਵਿਸ, ਐਨਏਡੀਐਮਓ (NADMO) ਅਤੇ ਐਂਬੂਲੈਂਸ ਸੇਵਾ (Ambulance Service) ਸਮੇਤ ਸਿਹਤ ਕਰਮਚਾਰੀਆਂ ਨੂੰ ਸਥਿਤੀ ਨੂੰ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।
ਲੋਕਾਂ ਨੂੰ ਸੁਰੱਖਿਆ ਲਈ ਨੇੜਲੇ ਸ਼ਹਿਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਏਪੀਏਟ ਦੀ ਆਬਾਦੀ 10 ਹਜ਼ਾਰ ਦੇ ਕਰੀਬ ਹੈ। ਇੱਥੇ ਜ਼ਿਆਦਾਤਰ ਲੋਕ ਕਿਸਾਨ ਅਤੇ ਖਣਿਜ ਹਨ। ਲੋਕਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।
ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਭਰਤੀ
ਸੂਤਰਾਂ ਮੁਤਾਬਿਕ ਟਰੱਕ ਵਿੱਚ ਲੱਦੇ ਵਿਸਫੋਟਕਾਂ ਨੂੰ ਚਿਰਾਨੋ ਗੋਲਡ ਮਾਈਨਜ਼ ਦੁਆਰਾ ਸੰਚਾਲਿਤ ਇੱਕ ਨਜ਼ਦੀਕੀ ਖਾਨ ਵਿੱਚ ਲਿਜਾਇਆ ਜਾ ਰਿਹਾ ਸੀ। ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਹਾਲ ਹੀ ਦੇ ਸਾਲਾਂ ਵਿੱਚ ਘਾਨਾ ਵਿੱਚ ਗੈਸ ਧਮਾਕਿਆਂ ਨੇ ਕਈ ਲੋਕਾਂ ਦੀ ਜਾਨ ਲੈ ਲਈ ਗਈ ਸੀ। 2015 ਵਿੱਚ ਰਾਜਧਾਨੀ ਅਕਰਾ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਭਾਰੀ ਮੀਂਹ ਕਾਰਨ ਸੈਂਕੜੇ ਲੋਕ ਗੈਸ ਸਟੇਸ਼ਨ ਦੇ ਨੇੜੇ ਰੁਕੇ ਹੋਏ ਸਨ। ਇਸੇ ਮਹੀਨੇ ਦੇਸ਼ ਦੇ ਅਸ਼ਾਂਤ ਖੇਤਰ 'ਚ ਅੱਗ ਲੱਗਣ ਦੀ ਘਟਨਾ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।
ਇਹ ਵੀ ਪੜੋ:ਲਾਹੌਰ 'ਚ ਬੰਬ ਧਮਾਕਾ, ਤਿੰਨ ਦੀ ਮੌਤ, 20 ਹੋਰ ਜ਼ਖਮੀ