ਨਵਾਂ ਸ਼ਹਿਰ : ਜਿੱਥੇ ਲੌਕਡਾਊਨ ਦੌਰਾਨ ਬਾਕੀ ਬੱਚੇ ਆਪਣਾ ਸਮਾਂ ਮੋਬਾਇਲ 'ਤੇ ਹੀ ਬਤੀਤ ਕਰ ਰਹੇ ਸਨ, ਓਥੇ ਹੀ ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਪੜ੍ਹਨ ਵਾਲੇ 13 ਸਾਲਾਂ ਬੱਚੇ ਨੇ ਕੁੱਝ ਨਵਾਂ ਕਰ ਵਿਖਾਇਆ ਹੈ। 13 ਸਾਲਾ ਅਨਹਦਜੀਤ ਸਿੰਘ ਨੇ ਕਬਾੜ ਤੇ ਹੋਰਨਾਂ ਬੇਕਾਰ ਪਈਆਂ ਚੀਜ਼ਾਂ ਨਾਲ ਅਨੋਖੇ ਮਾਡਲ ਦੀ ਕਾਰ ਤਿਆਰ ਕੀਤੀ ਹੈ। ਅਨਹਦਜੀਤ ਦੇ ਮਾਪਿਆਂ ਤੇ ਅਧਿਆਪਕਾਂ ਸਣੇ ਲੋਕਾਂ ਵੱਲੋਂ ਇਸ ਕਾਰ ਮਾਡਲ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਸ ਬਾਰੇ ਦੱਸਦੇ ਹੋਏ ਅਨਹਦਜੀਤ ਸਿੰਘ ਨੇ ਕਿਹਾ ਕਿ ਉਹ 8ਵੀਂ ਜਮਾਤ ਦਾ ਵਿਦਿਆਰਥੀ ਹੈ। ਇਸ ਕਾਰ ਨੂੰ ਬਣਾਉਣ ਦੀ ਪਲੈਨਿੰਗ ਉਸ ਨੇ ਲੌਕਡਾਊਨ ਦੇ ਸਮੇਂ ਦੌਰਾਨ ਕੀਤੀ। ਅਨਹਦ ਨੇ ਦੱਸਿਆ ਕਿ ਉਹ ਆਪਣੇ ਪਿਤਾ ਜੀ ਨਾਲ ਆਫ਼ ਰੋਡ ਡਰਾਈਵਿੰਗ ਲਾਈ ਜਾਇਆ ਕਰਦਾ ਸੀ ਤੇ ਉਸ ਨੂੰ ਗੋ-ਕਾਟਰਿੰਗ ਦਾ ਵੀ ਸ਼ੌਕ ਸੀ। ਕਾਰ ਬਣਾਉਣ ਲਈ ਉਸ ਨੇ ਕੋਈ ਵੀ ਨਵਾਂ ਸਮਾਨ ਨਹੀਂ ਵਰਤਿਆ, ਬਲਕਿ ਪੂਰੀ ਕਾਰ ਲਈ ਹੋਰਨਾਂ ਵਾਹਨਾਂ ਦੇ ਪੁਰਾਣੇ ਪੁਰਜ਼ੇ ਅਤੇ ਹਾਦਸਾਗ੍ਰਸਤ ਗੱਡੀਆਂ ਦੀਆਂ ਚੀਜ਼ਾਂ ਇਸਤੇਮਾਲ ਕੀਤਾ ਹੈ। ਕਾਰ ਦਾ ਇੰਜਨ ਉਸ ਨੇ ਪੁਰਾਣੇ ਸਕੂਟਰ ਦੇ ਇੰਜਨ ਦੀ ਸਹਾਇਤਾ ਨਾਲ ਬਣਾਇਆ। ਕਾਰ ਦੇ ਪੁਰਜ਼ਿਆਂ ਨੂੰ ਜੋੜਨ ਤੇ ਵੈਲਡਿੰਗ ਦਾ ਕੰਮ ਵੀ ਉਸ ਨੇ ਖ਼ੁਦ ਹੀ ਕੀਤਾ।