ਫਰੀਦਕੋਟ: ਪੰਜਾਬੀ ਸਿਨੇਮਾਂ ’ਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਡੋਨੀ ਕਪੂਰ ਲੰਮੇਂ ਵਕਫ਼ੇ ਉਪਰੰਤ ਇੱਕ ਵਾਰ ਫ਼ਿਰ ਪਾਲੀਵੁੱਡ ’ਚ ਪ੍ਰਭਾਵੀ ਕਮਬੈਕ ਲਈ ਤਿਆਰ ਹੈ। ਗੁਰਨਾਮ ਭੁੱਲਰ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫ਼ਿਲਮ ‘ਪਰਿੰਦਾ’ ਨਾਲ ਇਸ ਖਿੱਤੇ ਵਿੱਚ ਆਪਣੀ ਵਾਪਸੀ ਕਰੇਗੀ। ‘ਜੀ.ਐਸ ਗੋਗਾ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼’ ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਕਰਨਗੇ। ਸੈੱਟ ਉੱਤੇ ਜਾਣ ਲਈ ਤਿਆਰ ਇਸ ਫ਼ਿਲਮ ਦਾ ਨਿਰਮਾਣ ਰਵੀ ਢਿੱਲੋਂ, ਜਗਦੀਪ ਰਿਹਾਲ, ਜਸਵਿੰਦਰ ਤੂਰ ਅਤੇ ਗੁਰਪ੍ਰੀਤ ਸਿੰਘ ਗੋਗਾ ਕਰ ਰਹੇ ਹਨ। ਜਦਕਿ ਇਸ ਦੀ ਸਟਾਰ ਕਾਸਟ ਵਿੱਚ ਰੂਪੀ ਗਿੱਲ ਤੋਂ ਇਲਾਵਾ ਦੋ ਨਵੇਂ ਚਿਹਰੇ ਗੁਰਨਾਜ਼ਰ ਛੱਤਾ ਅਤੇ ਇਸ਼ਾ ਸ਼ਰਮਾ ਵੀ ਸ਼ਾਮਿਲ ਹੋਣਗੇ, ਜੋ ਇਸ ਫ਼ਿਲਮ ਨਾਲ ਆਪਣੇ ਪੰਜਾਬੀ ਸਿਨੇਮਾਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।
ਕਈ ਹਿੱਟ ਫਿਲਮਾਂ ਵਿੱਚ ਕੀਤਾ ਕੰਮ:ਵਾਈਟ ਹਿਲ ਸਟੂਡਿਓਜ਼ ਵੱਲੋਂ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਕੈਮਰਾਮੈਨ ਲਲਿਤ ਸਾਹੂ, ਅਸੋਸੀਏਟ ਨਿਰਦੇਸ਼ਕ ਗੌਰਵ ਸਰਾਂ ਅਤੇ ਚੀਫ਼ ਸਹਾਇਕ ਨਿਰਦੇਸ਼ਕ ਸੰਦੀਪ ਮੱਲੀ ਹੋਣਗੇ। ਛੋਟੇ ਪਰਦੇ ਦੇ ਕਈ ਵੱਡੇ ਅਤੇ ਮਕਬੂਲ ਸੀਰੀਅਲਜ਼ ਵਿੱਚ ਆਪਣੀਆਂ ਸ਼ਾਨਦਾਰ ਅਦਾਕਾਰੀ ਸਮਰੱਥਾਵਾਂ ਦਾ ਬਾਖੂਬੀ ਪ੍ਰਗਟਾਵਾ ਕਰ ਚੁੱਕੀ ਅਦਾਕਾਰਾ ਡੋਨੀ ਕਪੂਰ ਵੱਲੋਂ ਕੀਤੇ ਪ੍ਰੋਜੈਕਟਾਂ ਵਿੱਚ ਸ਼ਿਕਾਰ , ਦਿਲ ਕਾ ਸੋਦਾ , ਹਿਮੇਸ਼ ਰੇਸ਼ਮੀਆਂ ਨਾਲ ਹਿੰਦੀ ਫ਼ਿਲਮ ‘ਤੇਰਾ ਸਰੂਰ’ ਅਤੇ ਬੱਬੂ ਮਾਨ ਸਟਾਰਰ ਪੰਜਾਬੀ ਫ਼ਿਲਮ ‘ਰੱਬ ਨੇ ਬਣਾਈਆਂ ਜੋੜੀਆਂ ਆਦਿ ਸ਼ਾਮਿਲ ਰਹੇ ਹਨ।