ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਮੁਕੇਸ਼ ਰਿਸ਼ੀ ਪੰਜਾਬੀ ਫਿਲਮ ‘ਨਿਡਰ’ ਨਾਲ ਬਤੌਰ ਨਿਰਮਾਤਾ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ। ਹੋਣਹਾਰ ਐਕਟਰ ਯੁਵਰਾਜ ਔਲਖ, ਜੋ ਇਸ ਫਿਲਮ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਵੇਗਾ। ਰੁਸਤਮ-ਏ-ਹਿੰਦ ਦਾ ਖ਼ਿਤਾਬ ਹਾਸਿਲ ਕਰਨ ਵਾਲੇ ਅਤੇ ਹਿੰਦੀ, ਪੰਜਾਬੀ ਸਿਨੇਮਾ ਦੀ ਸ਼ਾਨ ਰਹੇ ਦਾਰਾ ਸਿੰਘ ਪਰਿਵਾਰ ਨਾਲ ਸੰਬੰਧਤ ਇਹ ਪ੍ਰਤਿਭਾਵਾਨ ਐਕਟਰ ਪ੍ਰਸਿੱਧ ਐਕਟਰ-ਨਿਰਮਾਤਾ-ਨਿਰਦੇਸ਼ਕ ਰਤਨ ਔਲਖ ਦਾ ਬੇਟਾ ਹੈ, ਜਿਸ ਨੂੰ ਐਕਟਿੰਗ ਦੇ ਗੁਣ ਵਿਰਾਸਤ ਵਿਚੋਂ ਹੀ ਮਿਲੇ ਹਨ।
ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕਰਨ ਤੋਂ ਇਲਾਵਾ ਪੂਨੇ ਤੋਂ ਐਮ.ਬੀ.ਏ ਕਰਨ ਵਾਲਾ ਯੁਵਰਾਜ ਔਲਖ ਟੈਨਿਸ, ਤੈਰਾਕੀ ਅਤੇ ਕਿੱਕ ਬਾਕਸਿੰਗ ਵਿਚ ਵੀ ਚੰਗੇ ਹੁਨਰ ਰੱਖਦਾ ਹੈ। ਬਾਲੀਵੁੱਡ ਗਲਿਆਰਿਆਂ ਵਿਚ ਪੰਜਾਬੀਅਤ ਦੀ ਸਰਦਾਰੀ ਕਾਇਮ ਕਰਨ ਵਾਲੇ ਆਪਣੇ ਪਿਤਾ ਰਤਨ ਔਲਖ ਵਾਂਗ ਹੀ ਆਪਣੀਆਂ ਕਦਰਾਂ, ਕੀਮਤਾਂ ਅਤੇ ਵਿਰਸੇ ਨਾਲ ਹਮੇਸ਼ਾਂ ਜੁੜਿਆ ਰਹਿਣਾ ਪਸੰਦ ਕਰਦਾ ਹੈ ਯੁਵਰਾਜ ਔਲਖ।
ਅਦਾਕਾਰ ਔਲਖ ਨੇ ਦੱਸਿਆ ਕਿ ਪਰਿਵਾਰ ਪਾਸੋਂ ਮਿਲੇ ਇੰਨੇ ਚੰਗੇਰੇ ਅਤੇ ਆਤਮ ਵਿਸ਼ਵਾਸ਼ੀ ਗੁਣਾਂ ਦੀ ਬਦੌਲਤ ਹੀ ਉਸਨੇ ਪੂਰੀ ਮਿਹਨਤ ਅਤੇ ਲੰਮੇ ਸਿੱਖਿਅਕ ਪੜ੍ਹਾਵਾਂ ਬਾਅਦ ਇਸ ਖੇਤਰ ਵਿਚ ਕਦਮ ਧਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਡਰਾਮਾ ਕਹਾਣੀ ਆਧਾਰਿਤ ਉਨ੍ਹਾਂ ਦੀ ਇਸ ਪਹਿਲੀ ਫਿਲਮ ਵਿਚ ਦੇਸ਼ ਭਗਤੀ ਅਤੇ ਭਾਈਚਾਰਕ ਸਾਂਝਾ ਨੂੰ ਹੋਰ ਗੂੜਾ ਕਰਨ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ।