ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ 'ਮੁੰਡਾ ਰੌਕਸਟਾਰ' ਦਾ ਪਹਿਲਾਂ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ, ਇਸ ਫਿਲਮ ਵਿੱਚ ਯੁਵਰਾਜ ਹੰਸ, ਅਦਿਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਲੀਡ ਭੂਮਿਕਾਵਾਂ ਅਦਾ (Munda Rockstar first look Out) ਕਰ ਰਹੇ ਹਨ।
'ਇੰਡੀਆ ਗੋਲਡ ਫਿਲਮਜ਼' ਦੇ ਬੈਨਰ ਹੇਠ ਨਿਰਮਾਤਾ ਸੰਜੇ ਜਲਾਨ ਅਤੇ ਅਭਿਸ਼ੇਕ ਜਲਾਨ ਵੱਲੋਂ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਐਕਟਰ ਸੱਤਿਆਜੀਤ ਪੁਰੀ ਕਰ ਰਹੇ ਹਨ, ਜੋ ਇਸ ਫਿਲਮ ਦੁਆਰਾ ਬਤੌਰ ਫ਼ਿਲਮਕਾਰ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ (Munda Rockstar first look Out) ਜਾ ਰਹੇ ਹਨ।
ਪੰਜਾਬ ਦੇ ਮਾਲਵਾ ਹਿੱਸਿਆਂ ਤੋਂ ਇਲਾਵਾ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਖੇ ਫ਼ਿਲਮਾਈ ਗਈ ਇਸ ਫਿਲਮ ਦਾ ਸੰਗੀਤ ਜੈਦੇਵ ਕੁਮਾਰ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਦੇ ਗੀਤ ਹਿੰਦੀ ਸਿਨੇਮਾ ਸੰਗੀਤ ਜਗਤ ਵਿੱਚ ਗੀਤਕਾਰ ਦੇ ਤੌਰ 'ਤੇ ਛੋਟੇ ਉਮਰੇ ਵੱਡੀਆਂ ਪ੍ਰਾਪਤੀਆਂ ਕਰ ਰਹੇ ਗੋਪੀ ਸਿੱਧੂ ਨੇ ਲਿਖੇ ਹਨ।
'ਮੁੰਡਾ ਰੌਕਸਟਾਰ’ ਦੀ ਪੂਰੀ ਟੀਮ ਨਿਰਮਾਣ ਦੇ ਸ਼ੁਰੂਆਤੀ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਆ ਰਹੀ ਇਸ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਸੱਤਿਆਜੀਤ ਪੁਰੀ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਪੰਜਾਬੀ ਸਿਨੇਮਾ ਦੇ ਮੌਜੂਦਾ ਮੇਨ ਸਟਰੀਮ ਮੁਹਾਂਦਰੇ ਤੋਂ ਬਿਲਕੁਲ ਅਲਹਦਾ ਹੱਟ ਕੇ ਬੁਣੀ ਗਈ ਹੈ, ਜਿਸ ਵਿੱਚ ਪਿਆਰ, ਸਨੇਹ ਅਤੇ ਨਫ਼ਰਤ ਭਰੇ ਕਈ ਰੰਗ ਵੇਖਣ ਨੂੰ ਮਿਲਣਗੇ।
ਉਨਾਂ ਦੱਸਿਆ ਕਿ ਸੰਗੀਤਕ ਬੈਕਡਰਾਪ 'ਤੇ ਬਣਾਈ ਗਈ ਇਹ ਫਿਲਮ ਹਰ ਪੱਖੋਂ ਬੇਹਤਰੀਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਚੰਗੀਆਂ ਅਤੇ ਪਰਿਵਾਰਿਕ ਫਿਲਮਾਂ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਇੱਕ ਨਵੀਂ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਇਆ ਜਾ ਸਕੇ। ਫਿਲਮ ਦੇ ਲੀਡ ਐਕਟਰ ਯੁਵਰਾਜ ਹੰਸ ਵੀ ਆਪਣੀ ਇਸ ਵਿਲੱਖਣ ਫਿਲਮ ਅਤੇ ਕਿਰਦਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੰਜਾਬੀ ਪੌਪ ਸਟਾਰ ਦਾ ਕਿਰਦਾਰ ਅਦਾ ਕਰਨ ਜਾ ਰਿਹਾ ਹਾਂ, ਜਿਸ ਨੂੰ ਨਿਭਾਉਣਾ ਬਹੁਤ ਹੀ ਯਾਦਗਾਰੀ ਅਤੇ ਸਕੂਨਦਾਇਕ ਅਹਿਸਾਸ ਰਿਹਾ ਹੈ ਮੇਰੇ ਲਈ।
ਉਨ੍ਹਾਂ ਦੱਸਿਆ ਕਿ ਮੂਲ ਰੂਪ ਵਿੱਚ ਮੈਂ ਇੱਕ ਗਾਇਕ ਹਾਂ, ਜਿਸ ਦੇ ਮੱਦੇਨਜ਼ਰ ਇਸ ਚੁਣੌਤੀਪੂਰਨ ਭੂਮਿਕਾ ਨੂੰ ਅਦਾ ਕਰਨਾ ਜਿਆਦਾ ਮੁਸ਼ਕਿਲ ਨਹੀਂ ਰਿਹਾ, ਪਰ ਫਿਰ ਵੀ ਇਸ ਕਿਰਦਾਰ ਨੂੰ ਉਮਦਾ ਰੂਪ ਦੇਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਚਾਹੁੰਣ ਵਾਲਿਆਂ ਅਤੇ ਦਰਸ਼ਕਾਂ ਨੂੰ ਮੇਰਾ ਇਸ ਫਿਲਮ ਵਿਚਲਾ ਨਵਾਂ ਅਵਤਾਰ ਪਸੰਦ ਆਵੇਗਾ।
ਓਧਰ ਜੇਕਰ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਮਸ਼ਹੂਰ ਟੈਲੀਵਿਜ਼ਨ ਐਕਟਰ ਮੁਹੰਮਦ ਨਾਜ਼ਿਮ ਵੀ ਖਾਸ ਆਕਰਸ਼ਨ ਹੋਣਗੇ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਦੱਸਿਆ ਕਿ ਛੋਟੇ ਪਰਦੇ ਤੋਂ ਬਾਅਦ ਪੰਜਾਬੀ ਸਿਨੇਮਾ ਨਾਲ ਜੁੜਨਾ ਕਾਫ਼ੀ ਚੰਗਾ ਲੱਗ ਰਿਹਾ ਹੈ, ਕਿਉਂਕਿ ਪਿਛੋਕੜ੍ਹ ਤੋਂ ਮਲੇਰਕੋਟਲਾ ਦੇ ਪੰਜਾਬੀ ਪਰਿਵਾਰ ਨਾਲ ਹੀ ਤਾਲੁਕ ਰੱਖਦਾ ਹਾਂ, ਜਿਸ ਦੇ ਚੱਲਦਿਆਂ ਇਸ ਪ੍ਰਭਾਵਸ਼ਾਲੀ ਕੰਟੈਂਟ ਆਧਾਰਿਤ ਫਿਲਮ ਦਾ ਹਿੱਸਾ ਬਣਕੇ ਕਾਫ਼ੀ ਮਾਣ ਵੀ ਮਹਿਸੂਸ ਹੋ ਰਿਹਾ ਹੈ।
ਵਰਲਡਵਾਈਡ ਜਲਦ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਪਰਵ ਧੰਨੋਆ ਹਨ, ਜੋ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਸਫ਼ਲ ਫਿਲਮਾਂ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਦੇ ਕਲਾ ਨਿਰਦੇਸ਼ਕ ਵਜੋਂ ਜਿੰਮੇਵਾਰੀਆਂ ਸ਼ਸ਼ੀ ਭਾਰਦਵਾਜ ਨੇ ਨਿਭਾਈਆਂ ਹਨ।