ਚੰਡੀਗੜ੍ਹ:ਮਾਲਵੇ ਦੇ ਉਭਰਦੇ ਅਤੇ ਪ੍ਰਤਿਭਾਵਾਨ ਨੌਜਵਾਨ ਸੰਗੀਤਕਾਰ ਨੂਰਦੀਪ ਸਿੱਧੂ ਆਪਣੇ ਪਲੇਠੇ ਗੀਤ ‘ਹਵਾਵਾਂ’ ਨਾਲ ਆਪਣੇ ਪ੍ਰੋਫੈਸ਼ਨਲ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਸੰਗੀਤਬੱਧ ਕੀਤਾ ਇਹ ਪਹਿਲਾਂ ਟਰੈਕ ਅਗਲੇ ਦਿਨ੍ਹੀਂ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਇਤਿਹਾਸਿਕ ਜਿਲ੍ਹੇ ਬਠਿੰਡਾ ਨਾਲ ਸੰਬੰਧ ਰੱਖਦੇ ਅਤੇ ਸੰਗੀਤ ਟੀਚਰ ਦੇ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਇਹ ਪ੍ਰਤਿਭਾਸ਼ਾਲੀ ਸੰਗੀਤਕਾਰ ਆਪਣੇ ਇਲਾਕੇ ਦੀਆਂ ਨਵ ਪ੍ਰਤਿਭਾਵਾਂ ਨੂੰ ਸੰਗੀਤਕ ਤਾਲੀਮ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਸੰਗੀਤਕ ਨਵਾਜਿਸ਼ ਨਾਲ ਨਵਾਜ਼ੇ ਗਏ ਕਈ ਸਿੱਖਿਆਰਥੀ ਟੀ.ਵੀ ਪ੍ਰੋਗਰਾਮਾਂ ਅਤੇ ਦੇਸ਼ਾਂ, ਵਿਦੇਸ਼ਾਂ ਵਿਚ ਆਪਣੀ ਗਾਇਕੀ ਕਲਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ।
ਬਤੌਰ ਸੰਗੀਤਕਾਰ ਲੰਮੇਰ੍ਹੇ ਤਜ਼ਰਬੇ ਅਤੇ ਪੁਰਾਤਨ ਸੰਗੀਤ ਅਤੇ ਸਾਜ਼ਾਂ ਪ੍ਰਤੀ ਡੂੰਘੀ ਸਮਝ ਰੱਖਦੇ ਨੂਰਦੀਪ ਆਪਣੇ ਪਹਿਲੇ ਸੰਗੀਤਬੱਧ ਕੀਤੇ ਇਸ ਟਰੈਕ ਸੰਬੰਧੀ ਦੱਸਦੇ ਹਨ ਕਿ ‘ਪੀਕ ਪੁਆਇੰਟ ਸਟੂਡਿਓ’ ਦੇ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਬਹੁਤ ਹੀ ਸੁਰੀਲੇ ਅਤੇ ਟੈਲੇਂਟਡ ਮਲਵਈ ਗਾਇਕ ਜਸ ਸਿੱਧੂ ਨੇ ਦਿੱਤੀ ਹੈ, ਜੋ ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਸ਼ਗਿਰਦੀ ਹਾਸਿਲ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਪੱਛਮੀ ਪ੍ਰਭਾਵ ਅਪਣਾ ਰਹੇ ਅਜੋਕੇ ਸੰਗੀਤਕ ਮਾਪਦੰਢਾਂ ਤੋਂ ਕੋਹਾਂ ਦੂਰ ਉਨਾਂ ਦਾ ਇਹ ਟਰੈਕ ਪੂਰੀ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ ਪੋਤ ਰੱਖਿਆ ਗਿਆ ਹੈ, ਜੋ ਸਾਡੀਆਂ ਅਸਲ ਕਦਰਾਂ ਕੀਮਤਾਂ, ਰੀਤੀ ਰਿਵਾਜ਼ਾਂ ਅਤੇ ਗੁੰਮ ਹੁੰਦੀਆਂ ਜਾ ਰਹੀ ਕਦਰਾਂ, ਕੀਮਤਾਂ ਦੀ ਵੀ ਤਰਜ਼ਮਾਨੀ ਕਰੇਗਾ।