ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਇੰਨ੍ਹੀਂ ਦਿਨੀਂ ਕਈ ਨੌਜਵਾਨ ਨਿਰਦੇਸ਼ਕ ਵੱਧ ਚੜ੍ਹ ਕੇ ਮੰਝੇ ਹੋਏ ਫਿਲਮਕਾਰਾਂ ਦਰਮਿਆਨ ਆਪਣੀ ਸਿਨੇਮਾ ਬਰਾਬਰਤਾ ਅਤੇ ਕਾਬਲੀਅਤ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈ ਰਹੇ ਹਨ, ਜਿੰਨ੍ਹਾਂ ਵਿਚੋਂ ਇਕ ਮਾਣਮੱਤੇ ਨਾਂਅ ਵਜੋਂ ਤੇਜ਼ੀ ਨਾਲ ਉਭਰ ਰਿਹਾ ਹੈ ਨੌਜਵਾਨ ਨਿਰਦੇਸ਼ਕ ਮਨਜੀਤ ਟੋਨੀ, ਜੋ ਨਿੱਕੀ ਉਮਰੇ ਵੱਡੀਆਂ ਸਿਨੇਮਾ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਦਾ ਮਾਣ ਲਗਾਤਾਰ ਹਾਸਿਲ ਕਰ ਰਿਹਾ ਹੈ।
ਮਾਲਵਾ ਦੇ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਬੰਧਤ ਇਸ ਹੋਣਹਾਰ ਨਿਰਦੇਸ਼ਕ ਦੇ ਇਸ ਸ਼ਹਿਰ ਤੋਂ ਚੱਲ ਕੇ ਪਾਲੀਵੁੱਡ ਅਤੇ ਬਾਲੀਵੁੱਡ ਵਿਚ ਅਲਹਦਾ ਪਹਿਚਾਣ ਸਥਾਪਿਤ ਕਰ ਲੈਣ ਦੇ ਸਿਨੇਮਾ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਪ੍ਰਤਿਭਾਵਾਨ ਸ਼ਖ਼ਸ਼ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵੀ ਮੰਨਿਆ ਜਾ ਸਕਦਾ ਹੈ। ਪੰਜਾਬੀ ਲਘੂ ਫਿਲਮ ਦੇ ਖੇਤਰ ਤੋਂ ਆਪਣੀ ਆਗਾਜ਼ ਕਰਨ ਵਾਲੇ ਇਸ ਨਿਰਦੇਸ਼ਕ ਨੇ ਆਪਣੇ ਸ਼ੁਰੂਆਤ ਪੈਂਡੇ ਦੌਰਾਨ ਹੀ ਕਈ ਕਾਮਯਾਬ ਅਤੇ ਦਿਲਚਸਪੀ-ਕਾਮੇਡੀ ਭਰਪੂਰ ਲਘੂ ਫਿਲਮਾਂ ਦਾ ਨਿਰਦੇਸ਼ਨ ਕਰਕੇ ਇਸ ਗੱਲ ਦਾ ਅਹਿਸਾਸ ਬਾਖੂਬੀ ਕਰਵਾ ਦਿੱਤਾ ਸੀ ਕਿ ਉਹ ਲੰਮੀ ਰੇਸ ਦਾ ਘੋੜ੍ਹਾ ਸਾਬਿਤ ਹੋਣ ਦਾ ਜਜ਼ਬਾ ਲੈ ਕੇ ਇਸ ਖਿੱਤੇ ਵਿਚ ਉਤਰਿਆ ਹੈ।
ਇਕ ਬਹੁਤ ਹੀ ਸਾਧਾਰਨ ਅਤੇ ਫਿਲਮੀ ਚਕਾਚੌਂਧ ਤੋਂ ਇਕਦਮ ਦੂਰ ਰਹਿੰਦੇ ਰਹੇ ਪਰਿਵਾਰ ਨਾਲ ਤਾਲੁਕ ਰੱਖਦੇ ਮਨਜੀਤ ਟੋਨੀ ਨੇ ਕਮਰਸ਼ੀਅਲ ਸਿਨੇਮਾ ਵਿਚ ਆਪਣਾ ਮੁੱਢ ਵਿਕਟਰ ਜੌਹਨ, ਗੁਰਮੀਤ ਸਾਜਨ ਨਾਲ ਬਣਾਈ ‘ਹੱਲਾ ਬੋਲ’ ਨਾਲ ਰੱਖਿਆ, ਜਿਸ ਤੋਂ ਬਾਅਦ ਉਸ ਦੀ ਜੋ ਦੂਸਰੀ ਫਿਲਮ ਨਿਰਦੇਸ਼ਕ ਵਜੋਂ ਰਿਲੀਜ਼ ਹੋਈ ਉਹ ਸੀ ਹਰਜੀਤ ਹਰਮਨ ਅਤੇ ਜਪੁਜੀ ਖਹਿਰਾ ਨਾਲ 'ਕੁੜਮਾਈਆਂ', ਜਿਸ ਨੂੰ ਮਿਲੀ ਸਫ਼ਲਤਾ ਅਤੇ ਸਰਾਹਨਾ ਤੋਂ ਬਾਅਦ ਇਸ ਨਿਰਦੇਸ਼ਕ ਦਾ ਪੜ੍ਹਾਅ ਦਰ ਪੜ੍ਹਾਅ ਸਫ਼ਰ ਕਾਫ਼ੀ ਸ਼ਾਨਦਾਰ ਅਤੇ ਪ੍ਰਭਾਵੀ ਰਿਹਾ ਹੈ।