ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾਉਂਦੇ ਯੋਗਰਾਜ ਸਿੰਘ ਆਉਣ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਵਿੱਚ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਉਣ ਜਾ ਰਹੇ ਹਨ, ਜਿਸਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਜਾ ਰਿਹਾ ਹੈ।
ਉਕਤ ਫਿਲਮ ਦੀ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਕੈਨੇਡਾ ਪੁੱਜੇ ਇਸ ਬਾ-ਕਮਾਲ ਅਦਾਕਾਰ ਅਨੁਸਾਰ ਫਿਲਮ ਵਿੱਚ ਉਹਨਾਂ ਦੀ ਭੂਮਿਕਾ ਕਾਫੀ ਪ੍ਰਭਾਵੀ ਹੈ, ਜਿਸ ਨੂੰ ਨਿਭਾਉਣਾ ਉਹਨਾਂ ਲਈ ਕਾਫੀ ਚੁਣੌਤੀਪੂਰਨ ਸਾਬਿਤ ਹੋ ਰਿਹਾ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਕਰੀਬ ਤਿੰਨ ਦਹਾਕਿਆਂ ਦਾ ਸਫ਼ਰ ਸਫਲਤਾਪੂਰਵਕ ਤੈਅ ਕਰ ਚੁੱਕੇ ਇਸ ਪ੍ਰਭਾਵਸ਼ਾਲੀ ਅਦਾਕਾਰ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਹਨਾਂ ਨਾਲ ਪੰਜਾਬੀ ਸਿਨੇਮਾ ਦੇ ਕਈ ਜਾਣੇ ਪਛਾਣੇ ਸਟਾਰ ਕਲਾਕਾਰ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ ਹਰਭਜਨ ਮਾਨ ਅਤੇ ਦੇਵ ਖਰੌੜ ਜਿਹੇ ਸ਼ਾਨਦਾਰ ਐਕਟਰਜ਼ ਸ਼ੁਮਾਰ ਹਨ।
ਉਹਨਾਂ ਦੱਸਿਆ ਕਿ ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਤਕਰੀਬਨ ਸੰਪੂਰਨਤਾ ਪੜਾਅ ਵਿੱਚ ਹੈ, ਜਿਸ ਅਧੀਨ ਹੀ ਕਲਾਈਮੈਕਸ ਸੀਨਜ਼ ਦਾ ਫਿਲਮਾਂਕਣ ਅੱਜਕੱਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਪੈਂਦੇ ਵੱਖ-ਵੱਖ ਹਿੱਸਿਆਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਪੂਰਾ ਹੁੰਦਿਆਂ ਹੀ ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਪੁਰਾਤਨ ਰੀਤੀ ਰਿਵਾਜਾਂ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਨਾਲ ਮੰਝੀ ਕਹਾਣੀ ਸਾਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਹਿੱਸਾ ਬਣਨਾ ਉਹਨਾਂ ਲਈ ਕਾਫ਼ੀ ਸਕੂਨਦਾਇਕ ਅਹਿਸਾਸ ਦੀ ਤਰ੍ਹਾਂ ਰਿਹਾ ਹੈ, ਕਿਉਂਕਿ ਇਸ ਵਿਚਲੀ ਭੂਮਿਕਾ ਉਨ੍ਹਾਂ ਵੱਲੋਂ ਨਿਭਾਏ ਪਹਿਲੀ ਕਿਰਦਾਰਾਂ ਨਾਲੋਂ ਇਕਦਮ ਅਲਹਦਾ ਹੈ, ਜਿਸ ਦੁਆਰਾ ਦਰਸ਼ਕਾਂ ਅਤੇ ਉਹਨਾਂ ਦੇ ਚਾਹੁੰਣ ਵਾਲਿਆਂ ਨੂੰ ਵੀ ਉਹਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ ਦੇਖਣ ਨੂੰ ਮਿਲਣਗੇ।
ਰਿਲੀਜ਼ ਹੋਈ ਆਪਣੀ ਇੱਕ ਹੋਰ ਧਾਰਮਿਕ ਫਿਲਮ 'ਦਾਸਤਾਨ ਏ ਸਰਹਿੰਦ' ਨਾਲ ਚਰਚਾ ਵਿੱਚ ਚੱਲ ਰਹੇ ਇਹ ਉਮਦਾ ਅਦਾਕਾਰ ਇੰਨੀਂ ਦਿਨੀਂ ਕਈ ਹੋਰ ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ 'ਬੂ ਮੈਂ ਡਰ ਗਈ' ਵੀ ਸ਼ਾਮਿਲ ਹੈ, ਜਿਸ ਵਿੱਚ ਵੀ ਉਹ ਕਾਫ਼ੀ ਨਿਵੇਕਲੇ ਅਤੇ ਦਿਲਚਸਪ ਕਾਮੇਡੀ ਕਿਰਦਾਰ ਵਿੱਚ ਨਜ਼ਰ ਆਉਣਗੇ। ਉਹਨਾਂ ਦੱਸਿਆ ਆਪਣੀਆਂ ਭੂਮਿਕਾਵਾਂ ਅਤੇ ਫਿਲਮਾਂ ਦੀ ਚੋਣ ਨੂੰ ਲੈ ਕੇ ਹੁਣ ਉਹ ਪਹਿਲਾਂ ਨਾਲੋਂ ਕਾਫ਼ੀ ਸੁਚੇਤ ਹੋ ਗਏ ਹਨ ਅਤੇ ਗਿਣੀਆਂ ਚੁਣੀਆਂ ਫਿਲਮਾਂ ਕਰਨ ਨੂੰ ਹੀ ਪਹਿਲ ਦੇ ਰਹੇ ਹਨ।