ਫਰੀਦਕੋਟ:ਪੰਜਾਬੀ ਸਿਨੇਮਾਂ ਦੇ ਬੇਹਤਰੀਣ ਲੇਖ਼ਕ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਅਤੇ ਕਈ ਸੁਪਰਹਿੱਟ ਫ਼ਿਲਮਾਂ ਦਾ ਲੇਖ਼ਨ ਕਰ ਚੁੱਕੇ ਇੰਦਰਪਾਲ ਸਿੰਘ ਵੱਲੋਂ ਬਤੌਰ ਨਿਰਦੇਸ਼ਕ ਬਣਾਈ ਜਾ ਰਹੀ ਉਨਾਂ ਦੀ ਦੂਜੀ ਫ਼ਿਲਮ 'ਸੰਗ਼ਰਾਦ' ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿਚ ਗੈਵੀ ਚਾਹਲ ਅਤੇ ਸ਼ਰਨ ਕੌਰ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।
ਫ਼ਿਲਮ 'ਸੰਗ਼ਰਾਦ' ਬਾਰੇ:ਪੰਜਾਬ ਦੇ ਮਾਲਵਾ ਖਿੱਤੇ ਅਧੀਨ ਪੈਂਦੇ ਜ਼ਿਲ੍ਹਾ ਬਠਿੰਡਾ ਨੇੜ੍ਹਲੇ ਵੱਖ-ਵੱਖ ਪਿੰਡਾਂ 'ਚ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਵਿਚ ਪੁਰਾਤਨ ਪੰਜਾਬ ਦੇ ਕਈ ਗੁਆਚੇ ਰੰਗ ਤਾਂ ਮੁੜ੍ਹ ਦੇਖਣ ਨੂੰ ਮਿਲਣਗੇ ਹੀ, ਇਸਦੇ ਨਾਲ ਹੀ ਇਸ ਫ਼ਿਲਮ 'ਚ ਪੰਜਾਬੀਅਤ ਰੀਤੀ ਰਿਵਾਜ਼ਾਂ ਅਤੇ ਤਿਓਹਾਰ ਵੀ ਦੇਖਣ ਨੂੰ ਮਿਲਣਗੇ। ਇਸ ਫ਼ਿਲਮ ਨੂੰ ਹਰ ਪੱਖੋਂ ਸ਼ਾਨਦਾਰ ਬਣਾਉਣ ਲਈ ਆਪਣੀਆਂ ਜਿੰਮੇਵਾਰੀਆਂ ਨਿਭਾਅ ਰਹੇ ਲੇਖ਼ਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਅਨੁਸਾਰ, ਇਸ ਫ਼ਿਲਮ ਵਿਚ ਮੋਹ ਭਰੇ ਅਤੇ ਸਾਂਝਾਂ ਦਾ ਪ੍ਰਗਟਾਵਾ ਕਰਦੇ ਆਪਸੀ ਰਿਸ਼ਤਿਆਂ ਦੇ ਵੱਖ-ਵੱਖ ਪਹਿਲੂਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਠੇਠ ਪੇਂਡੂ ਟੱਚ ਦੇਖਣ ਨੂੰ ਮਿਲੇਗਾ।
ਲੇਖ਼ਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਦਾ ਕਰੀਅਰ: ਪਾਲੀਵੁੱਡ 'ਚ ਬਹੁਤ ਹੀ ਘਟ ਸਮੇਂ ਵਿੱਚ ਲੇਖ਼ਕਾਂ ਵਿਚ ਆਪਣੀ ਮੌਜੂਦਗੀ ਦਰਜ਼ ਕਰਵਾਉਣ ਵਿੱਚ ਸਫ਼ਲ ਰਹੇ ਇਸ ਹੋਣਹਾਰ ਲੇਖ਼ਕ ਅਤੇ ਨਿਰਦੇਸ਼ਕ ਦੇ ਫ਼ਿਲਮੀ ਕਰਿਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਲਿਖ਼ੀਆਂ ਫ਼ਿਲਮਾਂ ਵਿਚ ਜਿੰਦੜ੍ਹੀ, ਡੀ.ਐਸ.ਪੀ ਦੇਵ, ਡਾਕੂਆਂ ਦਾ ਮੁੰਡਾ, ਰੁਪਿੰਦਰ ਗਾਂਧੀ 2, ਬਲੈਕੀਆਂ, ਸ਼ਰੀਕ 2, ਸਿੱਧੂ VS ਸਾਊਥਹਾਲ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਲੇਖ਼ਕ ਦੇ ਤੌਰ 'ਤੇ ਪੰਜਾਬੀ ਫ਼ਿਲਮ ਬਲੈਕੀਆਂ 2 ਅਤੇ ਗਿੱਪੀ ਗਰੇਵਾਲ ਹੋਮ ਪ੍ਰੋਡੋਕਸ਼ਨ ਦੀ ਸਿੰਘ VS ਕੌਰ 2 ਵੀ ਜਲਦ ਰਿਲੀਜ਼ ਹੋਣ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਪਹਿਲੀ ਅਤੇ ਦੇਵ ਖ਼ਰੋੜ ਸਟਾਰਰ ਫਿਲਮ 'ਜ਼ਖ਼ਮੀ' ਨੂੰ ਦਰਸ਼ਕਾਂ ਅਤੇ ਫ਼ਿਲਮੀ ਆਲੋਚਕਾ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਲੇਖ਼ਕ ਦੇ ਤੌਰ ਤੇ ਉਨਾਂ ਦੀ ਦੂਸਰੀ ਨਿਰਦੇਸ਼ਿਤ ਫ਼ਿਲਮ ਸਾਹਮਣੇ ਆਉਣ ਜਾ ਰਹੀ ਹੈ। ਇਹ ਅਰਥਭਰਪੂਰ ਫ਼ਿਲਮ ਦਾ ਨਾਮ ‘ਸੰਗ਼ਰਾਦ’ ਹੈ।
ਫ਼ਿਲਮ 'ਸੰਗ਼ਰਾਦ' 'ਚ ਕੰਮ ਕਰਨ ਵਾਲੇ ਲੋਕ:ਸਟਾਰਟ ਟੂ ਫ਼ਿਨਿਸ਼ ਸ਼ਡਿਊਲ ਅਧੀਨ ਮੁਕੰਮਲ ਕੀਤੀ ਜਾ ਰਹੀ ਇਸ ਫ਼ਿਲਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੇਖ਼ਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਬਾਕਮਾਲ ਅਦਾਕਾਰ ਗੈਵੀ ਚਾਹਲ ਵਿਲੱਖਣ ਕਿਰਦਾਰ ਅਤੇ ਗੈਟਅੱਪ ਵਿਚ ਨਜ਼ਰ ਆਉਣਗੇ। ਉਨ੍ਹਾਂ ਦੇ ਕਰਿਅਰ ਲਈ ਇਹ ਫ਼ਿਲਮ ਇੱਕ ਨਵੇਂ ਟਰਨਿੰਗ ਪੁਆਇੰਟ ਵਾਂਗ ਰਹੇਗੀ, ਜੋ ਉਨਾਂ ਦੇ ਕਰਿਅਰ ਨੂੰ ਹੋਰ ਚਾਰ ਚੰਨ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਹਰ ਪੱਖ ਜਿਸ ਵਿੱਚ ਗੀਤ ਅਤੇ ਸੰਗੀਤ, ਸਿਨੇਮਾਟੋਗ੍ਰਾਫ਼ਰੀ ਆਦਿ ਦਰਸ਼ਕਾਂ ਨੂੰ ਇਕ ਸਕੂਨ ਅਤੇ ਤਰੋਤਾਜ਼ਗੀ ਭਰਿਆ ਅਹਿਸਾਸ ਕਰਵਾਏਗੀ। ‘ਵਨ ਅਬੋਵ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਕੈਮਰਾਮੈਨ ਬਰਿੰਦਰ ਸਿੱਧੂ, ਪ੍ਰੋਡੋਕਸ਼ਨ ਹੈੱਡ ਬੰਟੀ ਭੱਟੀ, ਲਾਈਨ ਨਿਰਮਾਤਾ ਜੋਲੀ ਸਿੰਘ ਡਾਂਡੀਵਾਲ, ਕਾਸਟਿਊਮ ਡਿਜਾਈਨਰ ਨਵਦੀਪ ਅਗਰੋਈਆਂ, ਆਰਟ ਨਿਰਦੇਸ਼ਕ ਅਮਰਜੋਤ ਮਾਨ, ਕਾਸਟਿੰਗ ਨਿਰਦੇਸ਼ਕ ਅਮਰਜੀਤ ਖੁਰਾਣਾ ਹਨ।