ਫਰੀਦਕੋਟ:ਬਾਲੀਵੁੱਡ ਦੀਆਂ ਕਈ ਫ਼ਿਲਮਾਂ ਤੋਂ ਇਲਾਵਾ ਛੋਟੇ ਪਰਦੇ ਤੇ ਵੀ ਆਪਣੇ ਪਿਤਾ ਵਾਂਗ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਵਿੰਦੂ ਦਾਰਾ ਸਿੰਘ ਅੱਜਕਲ ਓਟੀਟੀ ਪ੍ਰੋਜੈਕਟਸ ਅਤੇ ਥੀਏਟਰ ਨੂੰ ਵੀ ਕਾਫ਼ੀ ਤਰਜ਼ੀਹ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋ ਲਗਾਤਾਰ ਕੀਤੇ ਜਾ ਰਹੇ ਨਾਟਕਾਂ ਦੀ ਲੜ੍ਹੀ ਅਧੀਨ ਹੀ ਅਪਣੇ ਨਵੇਂ ਤਿਆਰ ਕੀਤੇ ਗਏ ਪਲੇ ‘ਤੇਰੇ ਮੇਰੇ ਸਪਨੇ’ ਦਾ ਮੰਚਨ ਮੁੰਬਈ ਦੇ ਦਹਿਸਰ ਸਥਿਤ ਲਤਾ ਮੰਗੇਸ਼ਕਰ ਹਾਲ ਵਿਖੇ ਕੀਤਾ ਜਾ ਰਿਹਾ ਹੈ।
ਵਿੰਦੂ ਦਾਰਾ ਸਿੰਘ ਤੋਂ ਇਲਾਵਾ ਇਹ ਸਿਤਾਰੇ ਨਿਭਾਉਣਗੇ ਅਹਿਮ ਭੂਮਿਕਾ: ਮੁੰਬਈ ਨਗਰੀ ’ਚ ਰੰਗਮੰਚ ਨੂੰ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਰਹਿਣ ਵਾਲੀਆਂ ਨਾਟ ਸਖ਼ਸ਼ੀਅਤਾਂ ਵਿਚ ਸ਼ੁਮਾਰ ਕਰਵਾਉਂਦੇ ਸੁਨੀਲ ਸ਼ਿਵਹਾਰੇ ਅਤੇ ਅਭਿਸ਼ੇਕ ਸ਼ੈਗਾਰ ਵੱਲੋਂ ਪ੍ਰਸਸੁਤ ਕੀਤੇ ਜਾ ਰਹੇ ਇਸ ਨਾਟਕ ਵਿਚ ਵਿੰਦੂ ਦਾਰਾ ਸਿੰਘ ਤੋਂ ਇਲਾਵਾ ਦਿਗਜ਼ ਹਿੰਦੀ ਸਿਨੇਮਾਂ ਅਦਾਕਾਰ ਰਹੇ ਗੋਗਾ ਕਪੂਰ ਦੀ ਬੇਟੀ ਅਦਾਕਾਰਾ ਪਾਇਲ ਗੋਗਾ ਕਪੂਰ, ਉਭਰਦੀ ਅਦਾਕਾਰਾ ਸ਼ੀਤਲ ਖੰਡਾਲ ਅਤੇ ਵਿਨਾਇਕ ਸ਼ਿਵਹਾਰੇ, ਹਰੁਣ ਕਾਤੇ, ਅਪਰਨਾ ਗੁਪਤਾ, ਤ੍ਰਿਨਤੇਰੀ ਮਿਸ਼ਰਾ, ਸੁਰੇਸ਼ ਪਟਨਾਇਕ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਇਸ ਨਾਟਕ ਦਾ ਵੱਡੀ ਗਿਣਤੀ 'ਚ ਦਰਸ਼ਕ ਲੁਤਫ਼ ਉਠਾਉਣਗੇ:ਸੁਪਨਿਆਂ ਦੀ ਨਗਰੀ ਵਿਚ ਕੁਝ ਕਰ ਗੁਜਰਣ ਦੇ ਖ਼ੁਆਬ ਰੱਖਣ ਵਾਲੇ ਨੌਜਵਾਨਾਂ ਦੀ ਭਾਵਨਾਤਮਕ ਅਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਬਿਆਨ ਕਰਦੇ ਇਸ ਨਾਟਕ ਸਬੰਧੀ ਅਦਾਕਾਰ ਵਿੰਦੂ ਦਾਰਾ ਸਿੰਘ ਦੱਸਦੇ ਹਨ ਕਿ ਪੱਥਰਾ ਦੇ ਇਸ ਸ਼ਹਿਰ ਵਿਚ ਚਾਹੇ ਕੋਈ ਵੀ ਸੁਪਨਾ ਹੋਵੇ, ਸਕਾਰ ਹੋ ਸਕਦਾ ਹੈ। ਉਸ ਲਈ ਸਖ਼ਤ ਮਿਹਨਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਥੀਏਟਰ ਨਾਲ ਉਨਾਂ ਦੀ ਸਾਂਝ ਨਵੀਂ ਨਹੀਂ, ਸਗੋਂ ਕਾਫ਼ੀ ਪੁਰਾਣੀ ਰਹੀ ਹੈ। ਕਿਉਂਕਿ ਪਿਤਾ ਜੀ ਵਾਂਗ ਉਹ ਵੀ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਹੋਣ ਵਾਲੀ ਰਾਮਲੀਲਾ ਅਤੇ ਹੋਰ ਨਾਟ ਸਮਾਰੋਹਾਂ ਦਾ ਹਿੱਸਾ ਬਣਨ ਨੂੰ ਹਮੇਸ਼ਾ ਪਹਿਲਕਦਮੀ ਦਿੰਦੇ ਰਹੇ ਹਨ ਤਾਂ ਕਿ ਆਪਣੇ ਚਾਹੁਣ ਵਾਲਿਆਂ ਦੀ ਹੌਸਲਾ ਅਫ਼ਜਾਈ ਦਾ ਆਨੰਦ ਮਾਣ ਸਕਣ। ਉਨਾਂ ਦੱਸਿਆ ਕਿ ਹੋਣ ਜਾ ਰਹੇ ਇਸ ਨਾਟਕ ਦਾ ਵੱਡੀ ਗਿਣਤੀ 'ਚ ਦਰਸ਼ਕ ਲੁਤਫ਼ ਉਠਾਉਣਗੇ। ਇਸ ਤੋਂ ਇਲਾਵਾ ਹਿੰਦੀ ਸਿਨੇਮਾਂ ਅਤੇ ਮੁੰਬਈ ਦੀਆਂ ਕਈ ਹਸਤੀਆ ਵੀ ਇਸ ਮੌਕੇ ਹੌਸਲਾ ਅਫ਼ਜਾਈ ਲਈ ਹਾਜ਼ਰ ਹੋਣਗੀਆਂ।
ਵਿੰਦੂ ਦਾਰਾ ਸਿੰਘ ਦਾ ਫਿਲਮੀ ਕਰੀਅਰ: ਵਿੰਦੂ ਦਾਰਾ ਸਿੰਘ ਨਾਲ ਉਨਾਂ ਦੇ ਫ਼ਿਲਮੀ ਕਰਿਅਰ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਹਾਲ ਹੀ ਵਿਚ ਆਈਆਂ ਕਈ ਓਟੀਟੀ ਫ਼ਿਲਮਾਂ ਵਿਚ ਉਨਾਂ ਦੇ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਗਲੇ ਦਿਨ੍ਹੀ ਉਹ ਕਈ ਹੋਰ ਓਟੀਟੀ ਅਤੇ ਫ਼ਿਲਮਾਂ ਦੁਆਰਾ ਦਰਸ਼ਕਾਂ ਸਨਮੁੱਖ ਹੋਣਗੇ, ਜਿੰਨ੍ਹਾਂ ਵਿਚੋਂ ਕੁਝ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਕੁਝ ਇੰਨ੍ਹੀ ਦਿਨ੍ਹੀ ਆਨ ਫ਼ਲੌਰ ਹਨ। ਜਿੰਨ੍ਹਾਂ ਵਿਚ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ 2’ ਵੀ ਸ਼ਾਮਿਲ ਹੈ।