ਚੰਡੀਗੜ੍ਹ:ਹਿੰਦੀ ਸਿਨੇਮਾ ਦੀਆਂ ਆਗਾਮੀ ਚਰਚਿਤ ਫਿਲਮਾਂ ਵਿਚ ਸ਼ਾਮਿਲ ‘ਨਫ਼ੀਸਾ’ ਦਾ ਪਹਿਲਾਂ ਲੁੱਕ ਅੰਧੇਰੀ ਮੁੰਬਈ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿਸ ਦੌਰਾਨ ਫਿਲਮ ਵਿਚ ਲੀਡ ਭੂਮਿਕਾ ਨਿਭਾ ਰਹੀ ਉਭਰਦੀ ਅਦਾਕਾਰਾ ਮਨੀਸ਼ਾ ਠਾਕੁਰ ਤੋਂ ਇਲਾਵਾ ਪੂਰੀ ਟੀਮ ਹਾਜ਼ਰ ਰਹੀ।
ਫਿਲਮ ਦਾ ਵਿਸ਼ਾ:‘ਸਪਾਰਕ ਮੀਡੀਆ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਬਿਹਾਰ ਮੁਜੱਫ਼ਰਪੁਰ ਦੇ ਇਕ ਸਹਾਰਾ ਸੈਲਟਰ ਦੀ ਕਹਾਣੀ ਹੈ, ਜਿਸ ਵਿਚ ਰਹਿਣ ਵਾਲੀਆਂ ਕੁੜੀਆਂ ਨੂੰ ਬਹੁਤ ਹੀ ਦਿਲ ਕੰਬਾਊ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ। ਉਕਤ ਫਿਲਮ ਦੇ ਪਾਤਰਾਂ ਵਿਚੋਂ ਇਕ ਹੈ ਨੈਨਾ, ਜੋ ਇਕ ਹੋਣਹਾਰ ਅਤੇ ਸਮਾਜਿਕ ਹਿੱਤਾਂ ਲਈ ਡੱਟ ਕੇ ਖੜ੍ਹੀ ਰਹਿਣ ਵਾਲੀ ਲੜਕੀ ਹੈ, ਜਿਸ ਨੂੰ ਇਸ ਰਾਹ 'ਤੇ ਚੱਲਣ ਲਈ ਕਾਫ਼ੀ ਮੁਸ਼ਕਿਲਾਂ ਅਤੇ ਖ਼ਤਰਨਾਕ ਪ੍ਰਸਥਿਤੀਆਂ ਨਾਲ ਜੂਝਨਾਂ ਪੈਂਦਾ ਹੈ। ਪਰ ਇਸ ਦੇ ਬਾਵਜੂਦ ਉਹ ਆਪਣਾ ਹੌਂਸਲਾ ਨਹੀਂ ਡਗਮਗਾਉਣ ਦੀ ਅਤੇ ਇਕ ਦਿਨ ਔਰਤਾਂ ਸਾਹਮਣੇ ਇੱਕ ਪ੍ਰੇਰਨਾ ਬਣ ਕੇ ਆਉਂਦੀ ਹੈ।
ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਕੁਮਾਰ ਨੀਰਜ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿਚ ਲੀਡ ਕਿਰਦਾਰ ਪਲੇ ਕਰ ਰਹੀ ਮਨੀਸ਼ਾ ਅਨੁਸਾਰ ਫਿਲਮ ਵਿਚ ਭ੍ਰਿਸ਼ਟ ਹੋ ਰਹੀ ਰਾਜਨੀਤੀ ਅਤੇ ਸ਼ਾਸ਼ਨ ਦੇ ਵੀ ਕਹਿਣੀ ਅਤੇ ਕਰਨੀ ਵਿਚ ਹੁੰਦੇ ਫ਼ਰਕ ਨੂੰ ਵੀ ਬਹੁਤ ਹੀ ਪ੍ਰਭਾਵੀ ਕਹਾਣੀਸਾਰ ਦੁਆਰਾ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਮਜ਼ਬੂਤ ਮਨੋਬਲ ਰੱਖਦੀ ਕੁੜੀ ਦਾ ਹੈ, ਜੋ ਸਮਾਜ ਵਿਚ ਬੇਸਹਾਰਾ ਕੁੜੀਆਂ ਨਾਲ ਹੋਣ ਵਾਲੇ ਨਾਂਹ ਪੱਖੀ ਹਾਲਾਤਾਂ ਦਾ ਡੱਟ ਕੇ ਮੁਕਾਬਲਾ ਕਰਦੀ ਹੈ ਅਤੇ ਜ਼ਬਰੋ ਜ਼ੁਲਮ ਖ਼ਿਲਾਫ਼ ਮਿਸਾਲ ਬਣਨ ਦਾ ਮਾਣ ਹਾਸਿਲ ਕਰਦੀ ਹੈ।