ਮੁੰਬਈ (ਬਿਊਰੋ): ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਮੌਤ ਮਾਮਲੇ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ, ਜਿਸ ਮੁਤਾਬਕ ਸ਼ੀਜਾਨ ਖਾਨ ਨੇ ਬੰਬੇ ਹਾਈ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਉਸ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ। ਇਸ ਦੀ ਸੁਣਵਾਈ 30 ਜਨਵਰੀ ਨੂੰ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵਸਈ ਅਦਾਲਤ ਦੇ 13 ਜਨਵਰੀ ਦੇ ਹੁਕਮਾਂ ਦਾ ਵੇਰਵਾ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਸ਼ੀਜਾਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ।
ਦੱਸ ਦੇਈਏ ਕਿ ਸ਼ੀਜਾਨ ਖਾਨ (27) ਨੂੰ 26 ਦਸੰਬਰ ਨੂੰ ਪਾਲਘਰ ਜ਼ਿਲੇ ਦੀ ਵਾਲੀਵ ਪੁਲਿਸ ਨੇ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ। ਟੀਵੀ ਸ਼ੋਅ 'ਅਲੀ ਬਾਬਾ: ਦਾਸਤਾਨ-ਏ-ਕਾਬੁਲ' 'ਚ ਕੰਮ ਕਰ ਰਹੀ 21 ਸਾਲਾ ਸ਼ਰਮਾ 25 ਦਸੰਬਰ ਨੂੰ ਵਸਈ ਨੇੜੇ ਸ਼ੋਅ ਦੇ ਸੈੱਟ 'ਤੇ ਵਾਸ਼ਰੂਮ 'ਚ ਲਟਕਦੀ ਮਿਲੀ।