ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਕੁਝ ਅਲਹਦਾ ਕਰਨ ਲਈ ਲਗਾਤਾਰ ਯਤਨਸ਼ੀਲ ਅਦਾਕਾਰ ਟਾਈਗਰ ਹਰਮੀਕ ਸਿੰਘ ਬਤੌਰ ਨਿਰਦੇਸ਼ਕ ਆਪਣੀ ਦੂਸਰੀ ਪੰਜਾਬੀ ਫਿਲਮ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਨਵੇਂ ਪ੍ਰੋਜੈਕਟ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਪੰਜਾਬੀ ਸਿਨੇਮਾ ਦੀ ਬੇਹਤਰੀਨ ਅਦਾਕਾਰਾ ਵਜੋਂ ਆਪਣਾ ਸ਼ੁਮਾਰ ਕਰਵਾਉਂਦੀ ਅਦਾਕਾਰਾ ਮਨੀ ਬੋਪਾਰਾਏ ਵੀ ਅਹਿਮ ਭੂਮਿਕਾ ਨਿਭਾਵੇਗੀ।
ਰਿਲੀਜ਼ ਹੋਣ ਜਾ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਤਵੀਤੜ੍ਹੀ’ ਕੁਝ ਚੰਗੇਰ੍ਹਾਂ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਸਨਮੁੱਖ ਕਰਨ ਜਾ ਰਹੀ ਇਸ ਪ੍ਰਤਿਭਾਸ਼ਾਲੀ ਜੋੜੀ ਨੇ ਦੱਸਿਆ ਕਿ ਸ਼ੁਰੂ ਹੋਣ ਜਾ ਰਹੀ ਉਨਾਂ ਦੀ ਨਵੀਂ ਫਿਲਮ ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਨ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀਅਤ ਦਾ ਪਸਾਰਾ ਕਰਨ ਵਿਚ ਵੀ ਅਹਿਮ ਯੋਗਦਾਨ ਪਾਵੇਗੀ।
ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਸ਼ੁਰੂ ਵਿਚ ਫ਼ਲੌਰ 'ਤੇ ਜਾ ਰਹੀ ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਅਤੇ ਨਵੇਂ, ਪੁਰਾਣੇ ਪ੍ਰਤਿਭਾਸ਼ਾਲੀ ਚਿਹਰੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿਸ ਸੰਬੰਧੀ ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਐਲਾਨ ਜਲਦ ਕੀਤਾ ਜਾ ਰਿਹਾ ਹੈ।
ਬਤੌਰ ਅਦਾਕਾਰ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਅਤੇ ਇੰਨ੍ਹੀ-ਦਿਨ੍ਹੀ ਕਲਰਜ਼ 'ਤੇ ਆਨਏਅਰ ਮਕਬੂਲ ਸੀਰੀਅਲ ‘ਜਨੂੰਨੀਅਤ’ ਦਾ ਸ਼ਾਨਦਾਰ ਹਿੱਸਾ ਰਹੇ ਹਨ ਟਾਈਗਰ ਹਰਮੀਕ ਸਿੰਘ, ਜੋ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਕ ਦੇ ਤੌਰ 'ਤੇ ਵੀ ਨਵੀਆਂ ਪੈੜ੍ਹਾਂ ਸਥਾਪਿਤ ਕਰਨ ਵੱਲ ਵੱਧ ਚੁੱਕੇ ਹਨ।
ਉਨ੍ਹਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਦੱਸਿਆ ਕਿ ਨਿਰਦੇਸ਼ਨ ਦਾ ਇਰਾਦਾ ਤਾਂ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਰਿਹਾ ਹੈ, ਪਰ ਇਸ ਸੰਬੰਧੀ ਪੂਰੀ ਤਿਆਰੀ ਅਤੇ ਸਿਨੇਮਾ ਬਾਰੀਕੀਆਂ ਸਮਝਣ ਬਾਅਦ ਹੀ ਇਸ ਖੇਤਰ ਵਿਚ ਆਗਮਨ ਕਰਨਾ ਚਾਹੁੰਦਾ ਹਾਂ ਅਤੇ ਹੁਣ ਆਖ਼ਰ ਆਪਣੀਆਂ ਦੋ ਫਿਲਮਾਂ ਨਾਲ ਦਰਸ਼ਕਾਂ ਨੂੰ ਇਕ ਬੇਹਤਰੀਨ ਸਿਨੇਮਾ ਸਿਰਜਨਾਤਮਕਤਾ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹਾਂ।
ਓਧਰ ਸਟਾਰਟ ਹੋ ਜਾ ਰਹੇ ਇਸੇ ਨਵੇਂ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰਾ ਮਨੀ ਬੋਪਾਰਾਏ ਜੋ ਉਕਤ ਫਿਲਮ ਦੇ ਕ੍ਰਿਏਟਿਵ ਪੱਖ ਵੀ ਸੰਭਾਲ ਰਹੇ ਹਨ, ਉਹਨਾਂ ਨੇ ਦੱਸਿਆ ਕਿ ਫਿਲਮ ਦੁਆਰਾ ਬਹੁਤ ਹੀ ਉਮਦਾ ਕਹਾਣੀ ਅਤੇ ਸੱਚੇ ਮੁੱਦੇ ਦਰਸ਼ਕਾਂ ਸਨਮੁੱਖ ਕੀਤੇ ਜਾਣਗੇ, ਜਿਸ ਵਿਚ ਬਹੁਤ ਹੀ ਦਿਲਚਸਪ ਅਤੇ ਭਾਵਨਾਤਮਕ ਸਿਨੇਮਾ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ-ਮੋਹਾਲੀ ਅਤੇ ਖਰੜ੍ਹ ਹਿੱਸਿਆਂ ਵਿਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦਾ ਗੀਤ-ਸੰਗੀਤ ਅਤੇ ਸਿਨੇਮਾਟੋਗ੍ਰਾਫ਼ਰੀ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿੰਨ੍ਹਾਂ ਤੋਂ ਇਲਾਵਾ ਫਿਲਮ ਦੇ ਹਰ ਪਹਿਲੂ ਨੂੰ ਸ਼ਾਨਦਾਰ ਰੂਪ ਦੇਣ ਲਈ ਬਹੁਤ ਹੀ ਜੀਅ ਜਾਨ ਨਾਲ ਫਿਲਮ ਟੀਮ ਵੱਲੋਂ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਜਾਣਗੀਆਂ ਤਾਂ ਕਿ ਦਰਸ਼ਕਾਂ ਨੂੰ ਇਸ ਫਿਲਮ ਦੁਆਰਾ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਇਆ ਜਾ ਸਕੇ।