ਚੰਡੀਗੜ੍ਹ: ‘ਕਲਰਜ਼’ 'ਤੇ ਬੀਤੇ ਦਿਨ੍ਹੀਂ ਸ਼ੁਰੂ ਹੋਏ ਅਤੇ ਲੋਕਪ੍ਰਿਯਤਾ ਹਾਸਿਲ ਕਰ ਰਹੇ ਸੀਰੀਅਲ ‘ਜਨੂੰਨੀਅਤ’ ’ਚ ਨੈਗੇਟਿਵ ਕਿਰਦਾਰ ਨਿਭਾ ਕੇ ਪ੍ਰਸਿੱਧੀ ਬਟੋਰ ਰਹੇ ਅਦਾਕਾਰ ਟਾਈਗਰ ਹਰਮੀਕ ਸਿੰਘ ਨਾਲ ਸੰਬੰਧੀ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ... ਅਦਾਕਾਰ, ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਤਵੀਤੜ੍ਹੀ’ ਨਾਲ ਬਤੌਰ ਨਿਰਦੇਸ਼ਕ ਵੀ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਹੌਰਰ ਕਹਾਣੀ 'ਤੇ ਆਧਾਰਿਤ ਹੈ।
ਮਿਲੀ ਜਾਣਕਾਰੀ ਅਨੁਸਾਰ ‘ਮਣੀ ਬੋਪਾਰਾਏ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਖਰੜ ਦੇ ਆਸਪਾਸ ਪਿੰਡਾਂ ਵਿਚ ਸੰਪੂਰਨ ਕੀਤੀ ਗਈ ਹੈ, ਜਿਸ ਵਿਚ ਮਨੀ ਬੋਪਾਰਾਏ ਸਮੇਤ ਦਿਲਾਵਰ ਸੰਧੂ, ਸੱਤਾ ਆਦਿ ਤੋਂ ਇਲਾਵਾ ਇਸ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਬਾਲੀਵੁੱਡ ਦੇ ਕਈ ਵੱਡੇ ਨਿਰਦੇਸ਼ਕਾਂ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ ਦੇ ਕਈ ਫ਼ਿਲਮਾਂ ਕਰ ਚੁੱਕੇ ਹਰਮੀਕ ਦੱਸਦੇ ਹਨ ਕਿ ਉਨ੍ਹਾਂ ਦੀ ਆਜ਼ਾਦ ਨਿਰਦੇਸ਼ਕ ਵਜੋਂ ਸਾਹਮਣੇ ਆ ਰਹੀ ਇਹ ਫ਼ਿਲਮ ਹੌਰਰ ਦੇ ਨਾਲ ਨਾਲ ਇਕ ਵਿਲੱਖਣ ਅਤੇ ਭਾਵਨਾਤਮਕ ਕੰਟੈਂਟ ਦੁਆਲੇ ਵੀ ਬੁਣੀ ਗਈ ਹੈ। ਫਿਲਮ ਵਿੱਚ ਕੈਮਰਾਮੈਨ ਐਮ.ਜੇ ਸਿੰਘ ਹਨ।
ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦਾ ਕਾਰਜ ਤਕਰੀਬਨ ਮੁਕੰਮਲ ਕਰ ਲਿਆ ਗਿਆ ਹੈ, ਜਿਸ ਉਪਰੰਤ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕੰਮ ਵੀ ਤੇਜ਼ੀ ਨਾਲ ਜਾਰੀ ਹਨ।