ਫਰੀਦਕੋਟ: ਹਿੰਦੀ ਫ਼ਿਲਮ ਇੰਡਸਟਰੀ ਦੇ ਚਾਰ ਮਸ਼ਹੂਰ ਅਦਾਕਾਰ ਸਨੀ ਦਿਓਲ, ਸੰਜੇ ਦੱਤ, ਮਿਥੁਨ ਚੱਕਰਵਰਤੀ ਅਤੇ ਜੈਕੀ ਸ਼ਰਾਫ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਇਹ ਚਾਰ ਅਦਾਕਾਰ ਰਿਲੀਜ਼ ਹੋਣ ਜਾ ਰਹੀ ਫਿਲਮ 'ਬਾਪ' ਵਿੱਚ ਲੀਡ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਆਲ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਚੌਹਾਨ ਵੱਲੋ ਕੀਤਾ ਜਾ ਰਿਹਾ ਹੈ, ਜਦਕਿ ਨਿਰਮਾਣ ਅਹਿਮਦ ਖਾਨ, ਸ਼ਾਇਰਾ ਅਹਿਮਦ ਖਾਨ ਅਤੇ ਜ਼ੀ ਸਟੂਡੀਓਜ਼ ਦੁਆਰਾ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ।
ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਪੂਰੀ ਹੋ ਚੁੱਕੀ ਅਤੇ ਸਿਰਫ਼ ਕੁਝ ਗੀਤਾਂ ਦਾ ਫਿਲਮਾਂਕਣ ਬਾਕੀ ਹੈ, ਜਿਨਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਵਜੋ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਅਹਿਮਦ ਖਾਨ ਇਸ ਫ਼ਿਲਮ ਦੁਆਰਾ ਬਤੌਰ ਨਿਰਮਾਤਾ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।