ਚੰਡੀਗੜ੍ਹ: ਪੰਜਾਬੀਸਿਨੇਮਾ ਦੀਆਂ ਅਰਥ-ਭਰਪੂਰ ਪੰਜਾਬੀ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਉੱਚਾ ਦਰ ਬਾਬੇ ਨਾਨਕ ਦਾ' ਪਹਿਲਾਂ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦੇਵ ਖਰੌੜ ਨਾਲ ਪੰਜਾਬੀ ਸਿਨੇਮਾ ਦੇ ਦਿੱਗਜ ਐਕਟਰਜ਼ ਯੋਗਰਾਜ ਸਿੰਘ ਅਤੇ ਸਰਬਜੀਤ ਚੀਮਾ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਦੇ ਨਜ਼ਰੀ ਆਉਣਗੇ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਮਾਤਾਵਾਂ ਵਿੱਚ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ ਅਤੇ ਚਰਨਪ੍ਰੀਤ ਬਲ ਸ਼ਾਮਿਲ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖੇਤਰ ਵਿੱਚ ਆਉਂਦੀਆਂ ਵੱਖ-ਵੱਖ ਮਨਮੋਹਕ ਅਤੇ ਖੂਬਸੂਰਤ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਮੋਨਿਕਾ ਗਿੱਲ, ਕਿੰਮੀ ਵਰਮਾ, ਇਸ਼ਾ ਰਿਖੀ, ਹਰਬੀ ਸੰਘਾ, ਹਰਜ ਨਾਗਰਾ, ਕਮਲਜੀਤ ਨੀਰੂ, ਬਲਜਿੰਦਰ ਅਟਵਾਲ, ਸਰਿਤਾ ਤਿਵਾੜੀ ਆਦਿ ਵੀ ਸ਼ੁਮਾਰ ਹਨ।
ਉੱਚਾ ਦਰ ਬਾਬੇ ਨਾਨਕ ਦਾ ਪਹਿਲਾਂ ਲੁੱਕ ਇਸ ਤੋਂ ਇਲਾਵਾ ਫਿਲਮ ਦਾ ਖਾਸ ਆਕਰਸ਼ਨ ਨਵਾਂ ਚਿਹਰਾ ਦਿਲੂ ਵੀ ਹੋਣਗੇ, ਜੋ ਫਿਲਮ ਵਿੱਚ ਕਾਫੀ ਪ੍ਰਭਾਵੀ ਅਤੇ ਭਾਵਨਾਤਮਕ ਕਿਰਦਾਰ ਅਦਾ ਕਰ ਰਹੇ ਹਨ। ਪਾਲੀਵੁੱਡ ਦੇ ਨੌਜਵਾਨ ਅਤੇ ਹੋਣਹਾਰ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ ਤਰਨਵੀਰ ਸਿੰਘ ਜਗਪਾਲ, ਜਿੰਨਾਂ ਵੱਲੋਂ ਆਪਣੇ ਹਾਲੀਆਂ ਕਰੀਅਰ ਦੌਰਾਨ ਨਿਰਦੇਸ਼ਿਤ ਕੀਤੀਆਂ ਪੰਜਾਬੀ ਫਿਲਮਾਂ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈਂਸ ਆਈ ਐਮ ਸਟੂਡੈਂਟ' ਕਾਫ਼ੀ ਸਲਾਹੁਤਾ, ਸਫਲਤਾ ਅਤੇ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।
ਪੰਜਾਬੀ ਸਿਨੇਮਾ ਖੇਤਰ ਵਿੱਚ ਅਲਹਦਾ ਸਿਨੇਮਾ ਦੀ ਸਿਰਜਣਾ ਕਰਨ ਵਿੱਚ ਲਗਾਤਾਰ ਮੋਹਰੀ ਯੋਗਦਾਨ ਪਾ ਰਹੇ ਹਨ ਇਹ ਬਾਕਮਾਲ ਨਿਰਦੇਸ਼ਕ, ਜਿੰਨਾਂ ਨੇ ਦੱਸਿਆ ਕਿ ਉਨਾਂ ਦੀ ਉਕਤ ਫਿਲਮ ਵੀ ਪਰਿਵਾਰਕ ਮਾਪਦੰਢਾਂ 'ਤੇ ਪੂਰੀ ਖਰੀ ਉਤਰੇਗੀ, ਜੋ ਕਿ ਬਹੁਤ ਹੀ ਉਮਦਾ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ ਅਤੇ ਪੂਰੀ ਟੀਮ ਨੂੰ ਇਹ ਪੂਰਨ ਉਮੀਦ ਹੈ ਕਿ ਇਹ ਫਿਲਮ ਹਰ ਵਰਗ ਦਰਸ਼ਕਾਂ ਦੀ ਹਰ ਪਸੰਦ ਕਸੌਟੀ 'ਤੇ ਪੂਰੀ ਖਰੀ ਉਤਰੇਗੀ।
ਪੀਟੀਸੀ ਪੰਜਾਬੀ ਦਾ ਬੈਸਟ ਡੈਬਿਊ ਡਾਇਰੈਕਟਰ ਐਵਾਰਡ ਆਪਣੀ ਝੋਲੀ ਪਾ ਚੁੱਕੇ ਇਸ ਬੇਹਤਰੀਨ ਨਿਰਦੇਸ਼ਕ ਨੇ ਦੱਸਿਆ ਕਿ ਉਸ ਲਈ ਇਹ ਫਿਲਮ ਇਕ ਯਾਦਗਾਰੀ ਸਿਨੇਮਾ ਤਜ਼ਰਬੇ ਵਾਂਗ ਰਹੀ ਹੈ, ਜਿਸ ਵਿੱਚ ਯੋਗਰਾਜ ਸਿੰਘ, ਦੇਵ ਖਰੌੜ ਅਤੇ ਸਰਬਜੀਤ ਚੀਮਾ ਜਿਹੇ ਐਕਟਰਜ਼ ਨੂੰ ਨਿਰਦੇਸ਼ਿਤ ਕਰਨ ਦਾ ਮਾਣ ਵੀ ਉਸ ਦੇ ਹਿੱਸੇ ਆਇਆ ਹੈ, ਜਿੰਨਾਂ ਨਾਲ ਸ਼ੂਟਿੰਗ ਦੌਰਾਨ ਬਿਤਾਏ ਪਲ ਕਾਫ਼ੀ ਖੁਸ਼ਗਵਾਰ ਰਹੇ।