ਚੰਡੀਗੜ੍ਹ: ਬਾਲੀਵੁੱਡ ਦੇ ਵੱਖ-ਵੱਖ ਦਹਾਕਿਆਂ ਦੌਰਾਨ ਅਤੇ ਆਪਣੇ ਸਫ਼ਰ ਦੌਰਾਨ ਸਫਲਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਤਿੰਨੋਂ ਦਿਓਲ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ, ਜਿੰਨਾਂ ਦੇ ਉੱਚ ਸਿਖਰ ਹੰਢਾ ਚੁੱਕੇ ਕਰੀਅਰ ਨੇ ਬੀਤੇ ਕੁਝ ਸਾਲਾਂ ਦੌਰਾਨ ਅਜਿਹਾ ਉਤਰਾਅ ਭਰਿਆ ਦੌਰ ਵੀ ਵੇਖਿਆ, ਜਿਸ ਨੇ ਲੰਮਾ ਸਮਾਂ ਏਨਾ ਤਿੰਨਾਂ ਦਿਓਲ ਨੂੰ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਪੱਕੇ ਪੈਰੀ ਨਹੀਂ ਹੋਣ ਦਿੱਤਾ।
ਪਰ ਲੰਮੇਰਾ ਸਮਾਂ ਡਾਊਨਫਾਲ ਦਾ ਸਾਹਮਣਾ ਕਰਨ ਲਈ ਮਜ਼ਬੂਰ ਰਹੇ ਇੰਨਾ ਦਿਓਲਜ਼ ਲਈ 2023 ਦਾ ਸਾਲ ਬੇਇੰਤਹਾਸ਼ਾ ਉਮੀਦਾਂ, ਉਮੰਗਾਂ ਅਤੇ ਖੁਸ਼ੀਆਂ ਲੈ ਕੇ ਆਇਆ ਹੈ, ਜਿੰਨਾਂ ਦੀਆਂ ਕਈ ਸਾਲਾਂ ਬਾਅਦ ਸੁਪਰ-ਡੁਪਰ ਹਿੱਟ ਰਹੀਆਂ ਫਿਲਮਾਂ ਨੇ ਇੰਨਾ ਤਿੰਨਾਂ ਦੇ ਮੱਠੇ ਪਏ ਕਰੀਅਰ ਨੂੰ ਨਵੀਂ ਅਤੇ ਬੇਹੱਦ ਤੇਜ ਰਫ਼ਤਾਰ ਦੇ ਦਿੱਤੀ ਹੈ, ਜਿਸ ਨਾਲ ਰੁਕਿਆ ਰਿਹਾ ਦਿਓਲ ਪਰਿਵਾਰ ਦਾ ਜੁਹੂ ਸਥਿਤ ਵਿਹੜਾ ਵੀ ਮੁੜ ਪੁਰਾਣੀਆਂ ਰੌਣਕਾਂ ਅਤੇ ਰੋਸ਼ਨੀਆਂ ਨਾਲ ਗੁਲਨਾਰ ਹੋ ਗਿਆ ਹੈ।
'ਤਪਦੇ ਅਤੇ ਰੁੱਖੇ ਮਾਰੂਥਲ' ਵਿੱਚ ਪਈਆਂ ਕਣੀਆਂ ਵਾਂਗ ਦਿੳਲਜ਼ ਲਈ ਸਾਬਿਤ ਹੋਏ ਇਸ ਸਾਲ ਅਧੀਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਿੰਦਰ ਦੀ ਜਿੰਨਾਂ ਦਾ ਕਰੀਅਰ ਲਗਭਗ ਖਤਮ ਹੋਣ ਦੀ ਕਗਾਰ 'ਤੇ ਪੁੱਜ ਚੁੱਕਾ ਸੀ, ਜਿੰਨਾਂ ਦੇ ਢਹਿੰਦੇ ਜਾ ਰਹੇ ਕਰੀਅਰ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣ ਕੇ ਸਾਹਮਣੇ ਆਈ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ', ਜਿਸ ਨੇ ਇਸ ਸਾਲ ਦੀ ਵੱਡੀ ਬਲਾਕ-ਬਾਸਟਰ ਹੋਣ ਦਾ ਮਾਣ ਹਾਸਿਲ ਕਰਦਿਆਂ ਸਦਾਬਹਾਰ ਐਕਟਰਜ਼ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਰਹੇ ਧਰਮਿੰਦਰ ਦੇ ਕਰੀਬ ਕਰੀਬ ਬੇਜਾਨ ਹੋ ਚੁੱਕੇ ਕਰੀਅਰ ਵਿੱਚ ਇਕ ਅਜਿਹੀ ਨਵੀਂ ਜਾਨ ਫੂਕ ਦਿੱਤੀ, ਜਿਸ ਨਾਲ ਮੁਰਝਾਉਂਦੇ ਜਾ ਰਹੇ ਹਿੰਦੀ ਸਿਨੇਮਾ ਦੇ ਇਸ ਐਕਟਰ ਦਾ ਮੁੱਖ ਇੱਕ ਵਾਰ ਫਿਰ ਉਹੀ ਪੁਰਾਣੇ ਜਲਾਲ ਵਾਂਗ ਮਹਿਕਣ ਲੱਗ ਪਿਆ ਹੈ, ਜਿਸ ਨਾਲ ਇਕ ਨਵੇਂ ਉਤਸ਼ਾਹ ਅਤੇ ਜੋਸ਼ ਨਾਲ ਲਬਰੇਜ਼ ਹੋਏ ਇਹ ਡੈਸ਼ਿੰਗ ਐਕਟਰ ਇੰਨੀਂ ਦਿਨੀਂ ਫਿਰ ਕਈ ਫਿਲਮਾਂ ਵਿੱਚ ਮਸ਼ਰੂਫ਼ ਨਜ਼ਰ ਆ ਰਹੇ ਹਨ।
ਪਿਤਾ ਨੂੰ ਮਿਲੀ ਉਕਤ ਸਫਲਤਾ ਨਾਲ ਬੇ-ਆਸ ਤੋਂ ਆਸਵੰਦ ਹੋਏ ਸੰਨੀ ਦਿਓਲ ਨੂੰ ਇਹ ਭੋਰਾ ਵੀ ਚਿਤ ਚੇਤਾ ਨਹੀਂ ਸੀ ਕਿ ਇਹ ਸਾਲ 2023 ਉਸਦੇ ਵੀ ਉਤਰਾਅ ਅਤੇ ਖਤਮ ਹੋਣ ਵੱਲ ਵਧਦੇ ਜਾ ਰਹੇ ਕਰੀਅਰ ਨੂੰ ਨਵੀਆਂ ਸੰਭਾਵਨਾ ਨਾਲ ਅੋਤ ਪੋਤ ਕਰ ਦੇਵੇਗਾ ਪਰ 11 ਅਗਸਤ 2023 ਨੂੰ ਰਿਲੀਜ਼ ਹੋਈ 'ਗਦਰ 2' ਨੇ ਇਸ ਅਣਕਿਆਸੇ ਮੰਜ਼ਰ ਨੂੰ ਸੱਚ ਕਰ ਵਿਖਾਇਆ ਅਤੇ ਸਫਲਤਾ ਦਾ ਅਜਿਹਾ ਇਤਿਹਾਸ ਰਚ ਵਿਖਾਇਆ, ਜਿਸ ਦਾ ਅੰਦੇਸ਼ਾ ਸੰਨੀ ਸਮੇਤ ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਉਨਾਂ ਦੀ ਪੂਰੀ ਟੀਮ ਨੂੰ ਵੀ ਨਹੀਂ ਸੀ, ਪਰ ਸਿਆਣਿਆਂ ਦੇ ਕਥਨ ਕਿ ਜਦੋਂ ਕਿਸਮਤ ਮੇਹਰਬਾਨ ਹੋ ਜਾਵੇ ਤਾਂ ਰਾਹ ਵਿੱਚ ਖਿਲਰੇ ਕੰਢਿਆਂ ਨੂੰ ਫੁੱਲਾਂ ਵਿੱਚ ਤਬਦੀਲ ਹੁੰਦਿਆਂ ਸਮਾਂ ਨਹੀਂ ਲੱਗਦਾ, ਜਿਸ ਦਾ ਹੀ ਇਜ਼ਹਾਰ ਅਤੇ ਅਹਿਸਾਸ ਅੱਜਕੱਲ੍ਹ ਕਰਵਾ ਰਹੇ ਹਨ ਸੰਨੀ ਦਿਓਲ, ਜਿੰਨਾਂ ਦੇ ਲਈ ਇਸ ਫਿਲਮ ਤੋਂ ਪਹਿਲੋਂ ਲਗਭਗ ਬੰਦ ਹੁੰਦੇ ਜਾ ਰਹੇ ਬਾਲੀਵੁੱਡ ਦਰਵਾਜ਼ੇ ਮੁੜ ਤੜਾਕ ਤੜਾਕ ਕਰਕੇ ਖੁੱਲਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਅੱਜ ਦੇ ਸਭ ਤੋਂ ਵੱਧ ਬਿਜੀ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਚੁੱਕੇ ਹਨ ਇਹ ਡੈਸ਼ਿੰਗ ਅਤੇ ਬਾਕਮਾਲ ਐਕਟਰ, ਜਿੰਨਾਂ ਦੀ ਪੁਰਾਣੀ ਧਾਂਕ ਦਾ ਅਸਰ ਇੱਕ ਵਾਰ ਫਿਰ ਹਿੰਦੀ ਸਿਨੇਮਾ ਖੇਤਰ ਵਿੱਚ ਪ੍ਰਭਾਵੀ ਰੰਗ ਵਿਖਾਉਣ ਲੱਗ ਪਿਆ ਹੈ।
ਹੁਣ ਨਜ਼ਰਸਾਨੀ ਕਰਦੇ ਹਾਂ ਜੂਨੀਅਰ ਦਿਓਲ ਬੌਬੀ ਦੇ ਕਰੀਅਰ ਵੱਲ, ਜਿੰਨਾ ਲਈ ਵੀ ਇਸ ਸਾਲ ਦੇ ਅੰਤਲੇ ਪੜਾਅ 'ਚ ਆਈ ਉਨਾਂ ਦੀ ਫਿਲਮ ਐਨੀਮਲ ਉਨਾਂ ਲਈ ਅਜਿਹੇ ਵਰਦਾਨ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜਿਸ ਨੇ ਉਨਾਂ ਦੀ ਝੋਲੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਹਨ। ਪਿਛਲੇ ਕਈ ਸਾਲਾਂ ਦੌਰਾਨ ਗੁੰਮਨਾਮੀ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਰਹੇ ਇਸ ਸ਼ਾਨਦਾਰ ਐਕਟਰ ਹਾਲਾਂਕਿ ਕੁਝ ਸਮਾਂ ਪਹਿਲਾਂ ਸਾਹਮਣੇ ਆਈਆਂ ਆਪਣੀਆਂ ਬਹੁ-ਚਰਚਿਤ ਵੈਬ ਸੀਰੀਜ਼ 'ਆਸ਼ਰਮ', 'ਲਵ ਹੋਸਟਲ' ਅਤੇ 'ਕਲਾਸ ਆਫ 83' ਆਦਿ ਦੀ ਅਪਾਰ ਕਾਮਯਾਬੀ ਨਾਲ ਬੁਰੇ ਦੌਰ ਵਿੱਚੋਂ ਉਭਰਨ ਲੱਗ ਪਏ ਸਨ, ਪਰ ਸਹੀ ਮਾਅਨਿਆਂ 'ਚ ਜਿਸ ਪ੍ਰੋਜੈਕਟ ਨੇ ਉਨਾਂ ਦੀ ਜਿੰਦਗੀ ਅਤੇ ਕਰੀਅਰ ਨੂੰ ਖੁਸ਼ਗਵਾਰ ਰਾਹਾਂ ਵੱਲ ਪਰਤਾਉਣ ਅਤੇ ਮੱਠੇ ਮੱਠੇ ਚੱਲ ਰਹੇ ਕਰੀਅਰ ਨੂੰ ਤੇਜ਼ ਰਫ਼ਤਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਹ ਹੈ ਸੰਦੀਪ ਰੈਡੀ ਵਾਂਗਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਬਲਾਕ-ਬਾਸਟਰ ਸਾਬਿਤ ਹੋਈ 'ਐਨੀਮਲ', ਜਿਸ ਵਿੱਚ ਇਸ ਬਿਹਤਰੀਨ ਅਦਾਕਾਰ ਵੱਲੋਂ ਕੀਤੇ ਕੈਮਿਓ ਰੋਲ ਨੂੰ ਚਾਰੇ ਪਾਸੇ ਤੋਂ ਭਰਵੀਂ ਸਲਾਹੁਤਾ ਮਿਲ ਰਹੀ ਹੈ, ਜਿਸ ਨਾਲ ਇਕ ਹੋਰ ਨਵੇਂ ਮਾਣਮੱਤੇ ਸਿਨੇਮਾ ਸਫ਼ਰ ਵੱਲ ਵਧ ਚੁੱਕੇ ਹਨ ਇਹ ਉਮਦਾ ਐਕਟਰ, ਜਿੰਨਾਂ ਨੂੰ ਲੰਮੇ ਸਮੇਂ ਬਾਅਦ ਮੁੜ ਇਸ ਨਵੇਂ ਅਤੇ ਜੋਸ਼ੀਲੇ ਅੰਦਾਜ਼ ਵਿੱਚ ਵੇਖ ਉਨਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਜਨ ਵੀ ਕਾਫ਼ੀ ਖੁਸ਼ ਵਿਖਾਈ ਦੇ ਰਹੇ ਹਨ।