ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਵਿੱਚ ਸ਼ੁਮਾਰ ਕਰਵਾ ਰਹੀ ਰਾਣਾ ਰਣਬੀਰ ਨਿਰਦੇਸ਼ਿਤ ਪੰਜਾਬੀ ਫਿਲਮ 'ਮਨਸੂਬਾ' ਦਾ ਟ੍ਰੇਲਰ ਅੱਜ ਜਾਰੀ ਹੋਣ ਜਾ ਰਿਹਾ ਹੈ, ਜਿਸ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਵਿਖੇ ਮੁਕੰਮਲ ਕੀਤੀ ਗਈ ਹੈ।
'ਅਨਸ ਪ੍ਰੋਡੋਕਸ਼ਨ', 'ਫ਼ਰਸਾਈਟ ਸਟੂਡਿਓਜ਼' ਦੇ ਬੈਨਰ ਹੇਠ ਅਤੇ 'ਓਮ ਜੀ ਸਿਨੇ ਵਰਲਡ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਣਾ ਰਣਬੀਰ ਵੱਲੋਂ ਕੀਤਾ ਗਿਆ ਹੈ, ਜਦਕਿ ਕੈਮਰਾਮੈਨ ਦੇ ਤੌਰ 'ਤੇ ਜਿੰਮੇਵਾਰੀਆਂ ਹਰਜੋਤ ਸਿੰਘ ਨੇ ਨਿਭਾਈਆਂ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ 'ਤੇ ਸਟਾਰਟ ਟੂ ਫਿਨਿਸ਼ ਸ਼ਡਿਊਲ ਅਧੀਨ ਫਿਲਮਬੱਧ ਕੀਤੀ ਗਈ ਇਸ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਵਿੱਚ ਸਰਦਾਰ ਸੋਹੀ, ਮਲਕੀਤ ਰੋਣੀ, ਨਵਦੀਪ ਸਿੰਘ, ਮਨਜੋਤ ਢਿੱਲੋਂ ਅਤੇ ਰਾਜਵੀਰ ਬੋਪਾਰਾਏ ਸ਼ਾਮਿਲ ਹਨ।
ਪੰਜਾਬੀ ਸਿਨੇਮਾ ਲਈ ਕੀਤੇ ਜਾ ਰਹੇ ਅਲਹਦਾ ਯਤਨਾਂ ਦੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਆਫ ਬੀਟ ਫਿਲਮ ਦੇ ਐਸੋਸੀਏਟ ਨਿਰਦੇਸ਼ਕ ਜੀਵਾ, ਸੰਪਾਦਕ ਹਨੀ ਸੇਠੀ, ਸੰਗੀਤਕਾਰ ਗੁਰੀ, ਮੰਨਾ ਮੰਡ ਹਨ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗਾਣਿਆਂ ਦੇ ਬੋਲ ਡਾ. ਬਲਵਿੰਦਰ ਸਿੰਘ, ਰਾਣਾ ਰਣਬੀਰ ਨੇ ਰਚੇ ਹਨ, ਜਦਕਿ ਇਹਨਾਂ ਨੂੰ ਪਿੱਠ ਵਰਤੀ ਆਵਾਜ਼ਾਂ ਨਿੰਜਾ, ਜ਼ਾਜਿਮ ਸ਼ਰਮਾ, ਮਨਜੋਤ ਢਿੱਲੋਂ ਅਤੇ ਗੁਰਪ੍ਰੀਤ ਮਾਨ ਨੇ ਦਿੱਤੀਆਂ ਹਨ।
ਹਾਲ ਵਿੱਚ ਨਿਰਦੇਸ਼ਕ ਵਜੋਂ ਰਿਲੀਜ਼ ਹੋਈ ਆਪਣੀਆਂ ਪੰਜਾਬੀ ਫਿਲਮਾਂ 'ਆਸੀਸ' ਅਤੇ 'ਪੋਸਤੀ' ਨੂੰ ਲੈ ਫਿਲਮੀ ਗਲਿਆਰਿਆਂ ਵਿੱਚ ਅਥਾਹ ਚਰਚਾ ਦਾ ਕੇਂਦਰ ਬਿੰਦੂ ਰਹੇ ਰਾਣਾ ਰਣਬੀਰ ਅਨੁਸਾਰ ਉਹਨਾਂ ਦੀ ਨਵੀਂ ਫਿਲਮ ਵੀ ਪਿਓ-ਪੁੱਤ ਦੇ ਆਪਸੀ ਅਤੇ ਭਾਵਨਾਤਮਕ ਰਿਸ਼ਤਿਆਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੰਦੀ ਨਜ਼ਰ ਆਵੇਗੀ, ਜਿਸ ਦੀ ਕਹਾਣੀ ਆਪਸੀ ਰਿਸ਼ਤਿਆਂ ਅਤੇ ਇਹਨਾਂ ਵਿੱਚਕਾਰ ਲਾਲਚੀ ਮੁਫਾਦਾਂ ਦੇ ਚੱਲਦਿਆਂ ਪੈਦਾ ਹੋਣ ਵਾਲੀਆਂ ਉਲਝਨਾਂ ਦੁਆਲੇ ਵੀ ਬੁਣੀ ਗਈ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਬਤੌਰ ਨਿਰਦੇਸ਼ਕ ਹੁਣ ਤੱਕ ਬਣਾਈ ਹਰ ਫਿਲਮ ਲੀਕ ਤੋਂ ਹੱਟ ਕੇ ਰਹੀ ਹੈ ਅਤੇ ਇਹ ਵੀ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲਹਦਾ ਮੁਹਾਂਦਰੇ ਅਧੀਨ ਵਜੂਦ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਪਰਿਵਾਰਿਕ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਵੀ ਪਹਿਲ ਦਿੱਤੀ ਗਈ ਹੈ। ਓਧਰ ਇਸ ਫਿਲਮ ਦੇ ਪ੍ਰੋਡੋਕਸ਼ਨ ਹਾਊਸ ਅਨੁਸਾਰ ਫਿਲਮ ਦਾ ਰਿਲੀਜ਼ ਹੋਣ ਜਾ ਰਿਹਾ ਟ੍ਰੇਲਰ ਅੱਜ ਵੱਡੇ ਪੱਧਰ 'ਤੇ ਲਾਂਚ ਕੀਤਾ ਜਾ ਰਿਹਾ, ਜਿਸ ਨੂੰ ਕੈਨੇਡਾ ਅਤੇ ਇੰਡੀਆ ਵਿੱਚ ਇੱਕੋ ਸਮੇਂ ਜਾਰੀ ਕੀਤਾ ਜਾਵੇਗਾ।